ਪ੍ਰੈਸ ਨੂੰ ਜਾਣਕਾਰੀ ਜਾਰੀ ਕਰਨ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ , ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੋਰ ਆਗੂ ।ਤਸਵੀਰ : ਜਗਦੀਸ਼ ਥਿੰਦ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 28 ਫਰਵਰੀ ;
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿਹਾ ਹੈ ਕਿ ਦਿੱਲੀ ਅੰਦਰ ਵਾਪਰੇ ਦੁਖਾਂਤ ਦੇ ਸਬੰਧ ਵਿੱਚ ਕੇਦਰ ਸਰਕਾਰ ਆਪਣਾ ਰਾਜ ਧਰਮ ਨਿਭਾਉਣ ਵਿੱਚ ਅਸਫਲ ਸਿੱਧ ਹੋਈ ਹੈ ।
ਗਿਣੀ ਮਿਥੀ ਸਾਜ਼ਿਸ਼ ਤਹਿਤ ਇੱਕ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ।
ਇਹਨਾ ਸਖਤ ਵਿਚਾਰਾ ਦਾ ਪ੍ਰਗਟਾਵਾ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਰਦਿਆਂ ਕਿਹਾ ਹੈ ਜਿਸ ਤਰਾ ਨਵੰਬਰ 1984 ਸਿੱਖ ਕਤਲੇਆਮ ਕਰਨ ਵਕਤ ਦਿੱਲੀ , ਕਾਨਪੁਰ , ਬੋਕਾਰੋ ਸਮੇਤ ਦੇਸ਼ ਦੇ ਕਈ ਰਾਜਾ ਅੰਦਰ ਸਿੱਖਾਂ ਨੂੰ ਕੋਹ - ਕੋਹ ਕੇ ਮਾਰਿਆ ਗਿਆ ਉਸੇ ਤਰ੍ਹਾਂ ਹੀ ਹੁਣ ਦਿੱਲੀ ਅੰਦਰ ਫਿਰਕਾਪ੍ਰਸਤ ਲੋਕਾਂ ਨੇ ਇੱਕ ਫਿਰਕੇ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੀਆਂ ਜਾਇਦਾਦਾਂ , ਦੁਕਾਨਾਂ ਦੀ ਲੁੱਟਮਾਰ ਕੀਤੀ ਗਈ ਤੇ ਘਰਾਂ , ਜਾਇਦਾਦਾਂ ਨੂੰ ਤਬਾਹ ਕੀਤਾ ਗਿਆ ।
ਪ੍ਰੈੱਸ ਦੇ ਨਾਮ ਜਥੇਦਾਰ ਬ੍ਰਹਮਪੁਰਾ ਦਾ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਭਾਵੇਂ 84 ਵਿੱਚ ਬਹੁਤ ਵੱਡੇ ਪੱਧਰ ਤੇ ਸਿੱਖ ਕੌਮ ਦੀ ਦੇਸ਼ ਦੇ 18 ਰਾਜਾਂ ਵਿੱਚ ਹਜਾਰਾਂ ਦੀ ਤਦਾਦ ਵਿੱਚ ਕਤਲੋਗਾਰਤ ਕੀਤੀ ਗਈ ਪਰ ਕਤਲ ਇੱਕ ਹੋਵੇ ਜਾਂ ਅਨੇਕ਼ਾਂ ਪਰ 36 ਸਾਲਾਂ ਬਾਅਦ ਵੀ ਫਿਰਕਾਪ੍ਰਸਤ ਤਾਕਤਾਂ ਦਾ ਨਜ਼ਰੀਆ ਨਹੀ ਬਦਲਿਆ ।
ਦੇਸ਼ ਅੰਦਰ ਹਕੂਮਤ ਕਰ ਰਹੀ ਕੇੰਦਰ ਸਰਕਾਰ ਦੀ ਅਲੋਚਨਾ ਕਰਦਿਆਂ ਉਹਨਾਂ ਕਿਹਾ ਕਿ ਇਹ ਸਰਕਾਰ ਰਾਜ ਧਰਮ ਨਿਭਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਹੋਈ ਹੈ ।
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਹੈ ।
ਉਹਨਾਂ ਕਿਹਾ ਕਿ ਦੇਸ਼ ਵਿੱਚ ਸਿੱਖ , ਹਿੰਦੂ , ਮੁਸਲਮਾਨ , ਈਸਾਈ , ਬੋਧੀ , ਜੈਨੀ ਅਤੇ ਹੋਰ ਧਰਮਾਂ ਦੇ ਲੋਕਾ ਵਿੱਚ ਪਿਆਰ ਸਤਿਕਾਰ ਦੀ ਭਾਵਨਾ ਨੂੰ ਸੱਟ ਮਾਰਨ ਵਾਲੇ ਲੋਕ ਹੀ ਅਸਲ ਗਦਾਰ ਹਨ ।
ਜਥੇਦਾਰ ਬ੍ਰਹਮਪੁਰਾ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਤੇ ਹੋਰ ਸਹੂਲਤਾਂ ਦੇਣ ਦੇ ਫੈਸਲੇ ਨੂੰ ਦੂਰਅੰਦੇਸ਼ੀ ਵਾਲਾ ਫੈਸਲਾ ਦੱਸਿਆ ।