- 90 ਹਜ਼ਾਰ ਕਰੋੜ ਕਰਜ਼ਾ ਮਾਫੀ ਦੇਣ ਦੀ ਬਜਾਏ ਪਿਛਲੇ ਸਾਲ ਦਾ ਤਿੰਨ ਹਜ਼ਾਰ ਕਰੋੜ ਐਲਾਨ ਕਰਕੇ ਮੁੱਕਰੇ
ਫਿਰੋਜ਼ਪੁਰ, 29 ਫਰਵਰੀ 2020 - ਜਿਹੜੇ ਝੂਠੇ ਵਾਅਦਿਆਂ ਦੇ ਨਾਲ ਕੈਪਟਨ ਸਰਕਾਰ ਪੰਜਾਬ ਦੀ ਸੱਤਾ 'ਚ ਆਈ ਸੀ , ਉਹਨਾਂ ਵਾਅਦਿਆਂ ਨੂੰ ਹੀ ਪੂਰਾ ਕਰਨ ਦਾ ਸੁਪਨਾ ਹੀ ਵਿਖਾਈ ਜਾਂਦੀ ਬਜਟ 'ਚ ਪੰਜਾਬ ਸਰਕਾਰ, ਅਤੇ ਇਸ ਸਾਲ ਵੀ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮਾਫੀ, ਸਮਰਾਟ ਫੋਨ, ਮੁਲਾਜ਼ਮਾਂ ਦੀ ਡੀ ਏ ਕਿਸ਼ਤ, ਸਰਕਾਰੀ ਨੌਕਰੀਆਂ, ਆਦਿ ਨੂੰ ਆਪਣਾ ਪਹਿਲੂ ਬਣਾ ਕੇ ਬਜਟ ਪੇਸ਼ ਕੀਤਾ ਗਿਆ ਹੈ ਜੋ ਸਮੁੱਚੀ ਪੰਜਾਬ ਦੀ ਜਨਤਾ ਨੇ ਨਕਾਰ ਦਿੱਤਾ ਹੈ।
ਬਜਟ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਸ ਦਾ ਅਕਾਲੀ ਭਾਜਪਾ ਸਰਕਾਰ ਵੱਲੋ ਪਹਿਲਾਂ ਹੀ ਕਨੂੰਨ ਬਣਾਇਆ ਗਿਆ ਸੀ ਅਤੇ ਉਸ 'ਤੇ ਕੋਈ ਵੀ ਸਰਕਾਰ ਬਿੱਲ ਲਾਗੂ ਨਹੀ ਕਰ ਸਕਦੀ । ਉਹਨੂੰ ਬਜਟ 'ਚ ਵੱਡਾ ਹਿੱਸਾ ਦੇਣਾ ਸਰਕਾਰ ਦਾ ਕੋਈ ਅਹਿਸਾਨ ਨਹੀਂ ਮਜ਼ਬੂਰੀ ਹੈ। ਬਰਾੜ ਨੇ ਕਿਹਾ ਕਿ ਜੇਕਰ ਸਰਕਾਰ ਆਪਣੇ ਵਲੋਂ ਕੋਈ ਰਿਆਇਤ ਦੇਣਾ ਚਾਹੁੰਦੀ ਸੀ ਤਾਂ ਘਰਾਂ ਦੀ ਬਿਜਲੀ ਸਸਤੀ ਕਰਦੀ ਅਤੇ ਅਕਾਲੀ ਭਾਜਪਾ ਸਰਕਾਰ ਵੇਲੇ ਦੀਆਂ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਨ ਦੀ ਬਜਾਏ ਦੁੱਗਣਾ ਕਰਨ ਦਾ ਐਲਾਨ ਕਰਦੀ।
ਉਹਨਾਂ ਕਿਹਾ ਕਿ ਇੱਕ ਪਾਸੇ ਖਜ਼ਾਨਾ ਮੰਤਰੀ ਮਜ਼ਦੂਰਾਂ ਤੇ ਕਿਸਾਨਾਂ ਦੀ ਪੂਰਨ ਕਰਜ਼ੇ ਨੂੰ ਇਸ ਸਾਲ ਮਾਫ਼ ਕਰਨ ਦਾ ਐਲਾਨ ਕਰ ਰਹੇ ਹਨ ਦੂਸਰੇ ਪਾਸੇ ਪੰਜਾਬ 'ਚ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਦੀ ਬਜਾਏ ਪੁਲਿਸ ਤੋਂ ਖਿੱਚ ਧੂਹ ਕਰਵਾ ਥਾਣੇ ਬੰਦ ਕਰਵਾ ਰਹੇ ਹਨ ਅਤੇ ਉਹਨਾਂ ਦੁੱਖੀ ਲੋਕਾਂ ਦੇ ਨਾਲ ਅਵਾਜ਼ ਬੁਲੰਦ ਕਰਨ ਗਏ ਅਕਾਲੀ ਵਿਧਾਇਕਾਂ ਜਿੰਨਾ ਦੀ ਅਗਵਾਈ ਬਿਕਰਮ ਸਿੰਘ ਮਜੀਠੀਆ ਕਰ ਰਹੇ ਸਨ ਉਹਨਾਂ ਨਾਲ ਵੀ ਬਦਸਲੂਕੀ ਕਰ ਥਾਣੇ 'ਚ ਰੱਖਣ ਵਰਗੀਆਂ ਘਟਨਾਵਾਂ ਦੱਸ ਰਹੀਆਂ ਹਨ ਕਿ ਇਹੋ ਜਿਹੇ ਬਜਟ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿਣਗੇ। ਬਰਾੜ ਨੇ ਕਿਹਾ ਕਿ ਹੱਕ ਮੰਗਣ ਲਈ ਜ਼ਬਰ ਦਾ ਸਾਹਮਣਾ ਕਰਨਾ ਪਏਗਾ ,ਜਿਸ ਲਈ ਅਕਾਲੀ ਦਲ ਹਮੇਸ਼ਾ ਹਿੱਕ ਡਾਹ ਕੇ ਲੜਦਾ ਰਿਹਾ ਹੈ ਤੇ ਲੜਦਾ ਰਹੇਗਾ ।