ਹਰੀਸ਼ ਕਾਲੜਾ
- ਮੇਲੇ ਦੋਰਾਨ ਕੰਟਰੋਲ ਰੂਮ ਨੂੰ 24 ਘੰਟੇ ਕਾਰਜਸ਼ੀਲ ਰੱਖਣ ਦੇ ਦਿੱਤੇ ਨਿਰਦੇਸ਼
ਸ੍ਰੀ ਅਨੰਦਪੁਰ ਸਾਹਿਬ, 08 ਮਾਰਚ 2020 - ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਤਿਉਹਾਰ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੇ ਬਬਲਾਨੀ ਪੁਲਿਸ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਏ ਸਿਵਲ ਕੰਟਰੋਲ ਰੂਮ ਪੁੱਜੇ ਅਤੇ ਉੱਥੇ ਤਾਇਨਾਤ ਕਰਮਚਾਰੀਆਂ/ਅਧਿਕਾਰੀਆਂ ਤੋਂ ਮੇਲੇ ਦੇ ਪ੍ਰਬੰਧਾਂ ਸਬੰਧੀ ਲੋਕਾਂ ਨੂੰ ਪੇਸ਼ ਔਕੜਾਂ ਬਾਰੇ ਜਾਣਕਾਰੀ ਲਈ।
ਡੀ.ਸੀ. ਬਬਲਾਨੀ ਨੇ ਉੱਥੇ ਤਾਇਨਾਤ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਕਿ 8, 9 ਤੇ 10 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਚੱਲਣ ਵਾਲੇ ਹੋਲੇ ਦੇ ਤਿਉਹਾਰ ਮੌਕੇ ਸਿਵਲ ਕੰਟਰੋਲ ਰੂਮ ਨੂੰ 24 ਘੰਟੇ ਕਾਰਜਸ਼ੀਲ ਰੱਖਿਆ ਜਾਵੇ ਅਤੇ ਜਿਹੜੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਇਸ ਮੇਲੇ ਦੌਰਾਨ ਕੰਟਰੋਲ ਰੂਮ ਵਿਚ ਲਗਾਈ ਹੈ ਉਹ ਨਿਰਵਿਘਨ ਆਪਣੀ ਡਿਊਟੀ 'ਤੇ ਤਾਇਨਾਤ ਰਹਿਣ। ਉਨ੍ਹਾਂ ਕਿਹਾ ਕਿ ਸਿਵਲ ਕੰਟਰੋਲ ਰੂਮ ਦਾ ਨੰਬਰ 01887-232015 ਜੋ ਕਿ ਮੇਲੇ ਦੌਰਾਨ ਵੱਧ ਤੋਂ ਵੱਧ ਜਨਤਕ ਕੀਤਾ ਗਿਆ ਹੈ।
ਉਸ 'ਤੇ ਕਿਸੇ ਵੀ ਸ਼ਰਧਾਲੂ ਵਲੋਂ ਔਕੜ ਪੇਸ਼ ਆਉਣ 'ਤੇ ਕੀਤੀ ਗਈ ਟੈਲੀਫੋਨ ਕਾਲ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਸਬੰਧਿਤ ਵਿਭਾਗ ਤੁਰੰਤ ਲੋੜੀਂਦੀ ਸਹੂਲਤ ਦੇ ਪ੍ਰਬੰਧ ਕਰੇ। ਉਨ੍ਹਾਂ ਹੋਲੇ ਮੁਹੱਲੇ ਦੇ ਮੇਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 01887-232015 'ਤੇ ਆਉਣ ਵਾਲੀਆਂ ਟੇੈਲੀਫੋਨ ਕਾਲਾਂ ਅਤੇ ਉਨ੍ਹਾਂ ਦੀ ਮੁਸ਼ਕਿਲ ਦੇ ਹੱਲ ਲਈ ਅਧਿਕਾਰੀਆਂ/ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਵੀ ਵੇਖਿਆ। ਉਨ੍ਹਾਂ ਕਿਹਾ ਕਿ ਹੋਲੇ ਮੁਹੱਲੇ ਮੌਕੇ ਲੱਖਾਂ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਬਹੁਤ ਹੀ ਸ਼ਰਧਾ ਨਾਲ ਪੁੱਜਦੇ ਹਨ ਉਨ੍ਹਾਂ ਨੂੰ ਹਰ ਢੁੱਕਵੀ ਮਦਦ ਦੇਣਾ ਪ੍ਰਸ਼ਾਸਨ ਦਾ ਫਰਜ਼ ਹੈ ਅਤੇ ਇਸ ਦੇ ਲਈ ਡਿਊਟੀ ਨੂੰ ਸੇਵਾ ਸਮਝ ਕੇ ਕਰਨਾ ਸਾਡੀ ਜਿੰਮੇਵਾਰੀ ਹੈ।
ਇਸ ਮੌਕੇ ਐੱਸ.ਐੱਸ.ਪੀ. ਸਵਨਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੁਲਿਸ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੋਇਆ ਹੈ। ਜਿੱਥੇ ਪੁਲਿਸ ਵਿਭਾਗ ਦੇ ਅਧਿਕਾਰੀ/ਕਰਮਚਾਰੀ ਰਾਊਂਡ ਦੀ ਕਲਾਕ ਮਿੱਥੇ ਅਤੇ ਨਿਰਧਾਰਤ ਕੀਤੇ ਸਮੇਂ ਅਨੁਸਾਰ ਕੰਟਰੋਲ ਰੂਮ ਵਿੱਚ ਡਿਊਟੀ ਕਰ ਰਹੇ ਹਨ ਅਤੇ ਪੁਲਿਸ ਕੰਟਰੋਲ ਰੂਮ ਦਾ ਨੰਬਰ: 01887-233027 ਜਨਤਕ ਕੀਤਾ ਹੋਇਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਦੀਪ ਸ਼ਿਖਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਦੀਪ ਸਿੰਘ ਗੁਜਰਾਲ, ਸੁਪਰਡੈਂਟ ਪੁਲਿਸ ਜਗਜੀਤ ਸਿੰਘ ਜੱਲਾ ਵੀ ਹਾਜ਼ਰ ਸਨ।