ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 11 ਮਾਰਚ 2020 - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਹੋਰ ਧਾਰਮਿਕ ਸਖਸ਼ੀਅਤਾਂ ਅਤੇ ਸੰਗਤਾਂ ਦਾ ਵਿਸੇਸ਼ ਤੌਰ 'ਤੇ ਧੰਨਵਾਦ ਪ੍ਰਗਟਾਇਆ ਹੈ, ਜਿਨ੍ਹਾਂ ਨੇ ਪਲਾਸਟਿਕ ਮੁਕਤ ਅਤੇ ਸਵੱਛ ਹੋਲਾ ਮਹੱਲਾ ਮਨਾਉਣ ਲਈ ਪ੍ਰਸਾਸ਼ਨ ਨੂੰ ਪੂਰਨ ਸਹਿਯੋਗ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਿੰਘ ਸਾਹਿਬ ਵਲੋਂ ਇਸ ਬਾਰੇ ਸੰਗਤਾਂ ਨੂੰ ਕੀਤੀ ਅਪੀਲ ਨਾਲ ਪਲਾਸਟਿਕ ਮੁਕਤ ਅਤੇ ਸਵੱਛ ਹੋਲਾ ਮਹੱਲਾ ਮਨਾਉਣ ਦੀ ਨਵੀਂ ਸ਼ੁਰੂਆਤ ਹੋਈ ਹੈ।
ਡਿਪਟੀ ਕਮਿਸ਼ਨਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਸਨੀਕਾਂ ਦਾ ਵੀ ਵਿਸੇਸ਼ ਤੌਰ 'ਤੇ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਮੁੱਚੇ ਮੇਲਾ ਖੇਤਰ ਵਿੱਚ ਲੰਗਰ ਕਮੇਟੀਆਂ/ਸੁਸਾਇਟੀਆਂ ਦੇ ਪ੍ਰਬੰਧਕਾਂ, ਵਪਾਰੀਆਂ, ਦੁਕਾਨਦਾਰਾਂ, ਰੇਹੜੀ ਤੇ ਫੜ੍ਹੀ ਵਾਲਿਆਂ ਨੂੰ ਸਵੱਛ ਹੋਲਾ ਮਹੱਲਾ ਮਨਾਉਣ ਅਤੇ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਦੀ ਚਲਾਈ ਮੁਹਿੰਮ ਵਿੱਚ ਪੂਰਾ ਸਹਿਯੋਗ ਦਿੱਤਾ ਹੈ। ਲੰਗਰ ਕਮੇਟੀਆਂ ਨੇ ਇਸ ਵਾਰ ਦੇ ਹੋਲੇ ਮਹੱਲੇ ਦੇ ਤਿਉਹਾਰ ਮੌਕੇ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਲਗਾਏ ਲੰਗਰਾਂ ਵਿੱਚ ਪਾਬੰਦੀ ਵਾਲੇ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਨਹੀਂ ਕੀਤੀ, ਜਿਸ ਨਾਲ ਇਸ ਖੇਤਰ ਦਾ ਵਾਤਾਵਰਣ ਅਤੇ ਪੌਣ-ਪਾਣੀ ਗੰਧਲਾ ਨਹੀਂ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਕੀਰਤਪੁਰ ਸਾਹਿਬ ਵਿੱਚ 5 ਤੋਂ 7 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 8 ਤੋਂ 10 ਮਾਰਚ ਤੱਕ ਹੋਲੇ ਮਹੱਲੇ ਦੇ ਤਿਉਹਾਰ ਮੌਕੇ ਪੁੱਜੇ ਲੱਖਾਂ ਸ਼ਰਧਾਲੂਆਂ ਦਾ ਪ੍ਰਸਾਸ਼ਨ ਨੂੰ ਪੂਰਨ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਲਾ ਖੇਤਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਚੰਡੇਸਰ, ਅਗੰਮਪੁਰ ਅਤੇ ਝਿੰਜੜੀ ਮੁੱਖ ਨਾਕਿਆਂ ਉਤੇ 24 ਘੰਟੇ (ਰਾਊਂਡ ਦੀ ਕਲਾਕ) ਤਾਇਨਾਤ ਰਹੇ ਸੀਨੀਅਰ ਅਧਿਕਾਰੀਆਂ, ਵੱਖ-ਵੱਖ ਸਬ-ਡਵੀਜ਼ਨਾਂ ਤੋਂ ਆਏ ਉਪ ਮੰਡਲ ਮੈਜਿਸਟਰੇਟਾਂ ਨੇ ਜੋ ਕੰਪਿਊਟਰ ਡਾਟਾ ਅਤੇ ਵੇਰਵੇ ਇਕੱਠੇ ਕੀਤੇ ਹਨ, ਉਸਨੂੰ ਕੰਪਿਊਟਰਾਈਜ਼ਡ ਕੀਤਾ ਜਾਵੇਗਾ। ਉਨ੍ਹਾਂ ਨੇ ਮੇਲੇ ਦੌਰਾਨ ਡਿਊਟੀ ਦੇਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੀ ਮੇਲੇ ਦੇ ਪ੍ਰਬੰਧਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ 'ਚ ਪਾਏ ਯੋਗਦਾਨ ਲਈ ਵੀ ਧੰਨਵਾਦ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਸਮੁੱਚੇ ਮੇਲਾ ਖੇਤਰ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਸਿਹਤ ਵਿਭਾਗ ਵਲੋਂ ਕੀਤੇ ਵਿਸ਼ੇਸ਼ ਪ੍ਰਬੰਧਾਂ ਅਤੇ ਰੈਡ ਕਰਾਸ ਵਲੋਂ ਕੀਤੇ ਪ੍ਰਬੰਧਾਂ ਲਈ ਵੀ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡਿਆ ਵਲੋਂ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਲੇ ਉਪਰੰਤ ਸਮੁੱਚੇ ਖੇਤਰ ਦੀ ਸਾਫ਼-ਸਫ਼ਾਈ ਵਿਸ਼ੇਸ਼ ਤੌਰ 'ਤੇ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪੁਲਿਸ ਵੱਲੋਂ ਆਵਾਜਾਈ ਅਤੇ ਸੁਰੱਖਿਆ ਲਈ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।