ਜੀ ਐਸ ਪੰਨੂ
ਪਟਿਆਲਾ, 13ਮਾਰਚ 2020 - ਪਟਿਆਲਾ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅਧੀਨ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ । ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਕੁਲਭੂਸ਼ਨ ਸਿੰਘ ਬਾਜਵਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿਚ ਅੱਠਵੀਂ ਦੇ 21410 ਵਿਦਿਆਰਥੀਆਂ ਲਈ 141, ਦਸਵੀਂ ਦੇ 25252 ਵਿਦਿਆਰਥੀਆਂ ਲਈ 132, ਬਾਰਵੀਂ ਦੇ 21151 ਵਿਦਿਆਰਥੀਆਂ ਲਈ 108 ਪ੍ਰੀਖਿਆ ਕੇਂਦਰ ਬਣਾਏ ਗਏ ਹਨ । ਕੁਲ 67813 ਵਿਦਿਆਰਥੀਆਂ ਵਿਚੋਂ ਰੈਗੂਲਰ ਵਿਦਿਆਰਥੀ 61880 ਅਤੇ ਓਪਨ ਦੇ 5933 ਵਿਦਿਆਰਥੀ ਪ੍ਰੀਖਿਆ ਵਿੱਚ ਬੈਠ ਰਹੇ ਹਨ । ਇਨ੍ਹਾਂ ਪ੍ਰੀਖਿਆਵਾਂ ਨੂੰ ਨਕਲ ਰਹਿਤ ਨੇਪਰੇ ਚਾੜ੍ਹਨ ਲਈ ਉੱਡਣ ਦਸਤਿਆਂ ਦੀਆਂ 23 ਟੀਮਾਂ ਜ਼ਿਲ੍ਹੇ ਵਿਚ ਲਗਾਈਆਂ ਗਈਆਂ ਹਨ ਜੋ ਰੋਜ਼ਾਨਾ ਵੱਖ ਵੱਖ ਕੇਂਦਰਾਂ ਨੂੰ ਚੈੱਕ ਕਰਦੀਆਂ ਹਨ ।
ਇਸਤੋਂ ਇਲਾਵਾ ਪ੍ਰੀਖਿਆ ਕੇਂਦਰਾਂ ਵਿਚ ਹਰ ਪੇਪਰ ਲਈ ਨਵਾਂ ਆਬਜ਼ਰਵਰ ਨਿਯੁਕਤ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਕਿਸਮ ਦੀ ਨਕਲ ਦੀ ਗੁੰਜਾਇਸ਼ ਨਾ ਰਹੇ । ਬਾਜਵਾ ਨੇ ਸਮੂਹ ਕੇਂਦਰ ਕੰਟਰੋਲਰਾਂ ਨੂੰ ਨਕਲ ਰਹਿਤ ਪ੍ਰੀਖਿਆਵਾਂ ਨੇਪਰੇ ਚਾੜ੍ਹਨ ਦੀ ਸਖਤ ਹਦਾਇਤਾਂ ਵੀ ਕੀਤੀਆਂ । ਉਨ੍ਹਾਂ ਆਸ ਪ੍ਰਗਟਾਈ ਕਿ ਜਿਲ੍ਹਾ ਪਟਿਆਲਾ ਦਾ ਇਸ ਵਾਰ ਨਤੀਜਾ ਸੌ ਫੀਸਦੀ ਦੇ ਲਗਭਗ ਆਵੇਗਾ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕਰਨਗੇ । ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮਨਜੀਤ ਸਿੰਘ ਅਤੇ ਸੁਖਵਿੰਦਰ ਕੁਮਾਰ ਖੋਸਲਾ ਹਾਜ਼ਰ ਸਨ ।