ਜਗਦੀਸ਼ ਥਿੰਦ
ਫਾਜ਼ਿਲਕਾ 26 ਮਾਰਚ ; ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਕਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦੀ ਉਲੰਘਣਾ ਕਰਨ ਬਦਲੇ 31 ਕਥਿਤ ਦੋਸ਼ੀਆਂ ਖਿਲਾਫ ਵੱਖ - ਵੱਖ ਪੁਲਿਸ ਥਾਣਿਆਂ ਅੰਦਰ ਤਿੰਨ ਅਪਰਾਧਿਕ ਮੁਕੱਦਮੇ ਦਰਜ ਕੀਤੇ ਗਏ ਹਨ ।
ਪੁਲਸ ਥਾਣਾ ਬਹਾਵਵਾਲਾ ਅਧੀਨ ਪਿੰਡ ਖੁੱਬਣ ਅੰਦਰ ਪੁੱਜੀ ਪੁਲਿਸ ਪਾਰਟੀ ਨੇ ਜਦੋਂ ਫਿਰਨੀ ਤੇ ਖੜ੍ਹੇ ਲੋਕਾਂ ਨੂੰ ਕਰਫਿਊ ਦੌਰਾਨ ਘਰ ਤੋਂ ਬਾਹਰ ਨਾ ਨਿਕਲਣ ਦੇ ਨਿਯਮ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਅੰਦਰ ਕਰੋਨਾ ਵਾਇਰਸ ਕਾਰਨ ਕਰਫ਼ਿਊ ਲਗਾਇਆ ਗਿਆ ਹੈ ਤਾਂ ਉਹ ਘਰਾਂ ਅੰਦਰ ਜਾਣ ਦੀ ਬਜਾਏ ਪੁਲਸ ਪਾਰਟੀ ਨਾਲ ਉਲਝ ਗਏ ।
ਕਥਿਤ ਤੌਰ ਤੇ ਨਾਮਜਦ ਵਿਅਕਤੀਆਂ ( ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ ) ਨੇ ਪੁਲਸ ਉਪਰ ਇੱਟਾਂ ਰੋੜੇ ਚਲਾਏ । ਇੱਟਾਂ ਵੱਜਣ ਕਾਰਨ ਸਰਕਾਰੀ ਗੱਡੀ ਦੇ ਖੱਬੇ ਪਾਸੇ ਵਾਲਾ ਸ਼ੀਸ਼ਾ ਟੁੱਟ ਗਿਆ ।
ਸਹਾਇਕ ਥਾਣੇਦਾਰ ਇਕਬਾਲ ਸਿੰਘ ਦੇ ਬਿਆਨਾਂ ਤੇ ਦਰਜ ਹੋਏ ਮੁਕੱਦਮੇ ਵਿਚ ਦੱਸਿਆ ਗਿਆ ਹੈ ਕਿ ਇਹ ਲੋਕ ਪੁਲਸ ਕਰਮਚਾਰੀਆਂ ਦੇ ਗਲ ਪੈ ਗਏ ।
ਪੁਲਿਸ ਪਾਰਟੀ ਨਾਲ ਦੁਰ ਵਿਹਾਰ ਕੀਤਾ ਅਤੇ ਡਿਊਟੀ ਵਿੱਚ ਵਿਘਨ ਪਾਇਆ ।
ਇਸ ਸਬੰਧੀ ਪੁਲਸ ਥਾਣਾ ਬਹਾਵ ਵਾਲਾ ਵਿੱਚ ਆਈ ਪੀ ਸੀ ਦੀ ਧਾਰਾ 353 , 186 , 188 , 148 , 149 , 427 ਅਧੀਨ ਮੁਕੱਦਮਾ ਦਰਜ਼ ਕਰਕੇ ਰਾਜਵੀਰ ਸਿੰਘ ਪੁੱਤਰ ਮਹਿਤਾਬ ਸਿੰਘ , ਅਨਿਲ ਕੁਮਾਰ , ਵੇਦ ਪ੍ਰਕਾਸ਼ ਪੁੱਤਰਾਨ ਰਾਜਵੀਰ
ਤਿੰਨ ਭੈਣਾਂ ਪੂਜਾ ਰਾਣੀ ਬੱਬੂ ਰਾਣੀ ਮੰਜੂ ਰਾਣੀ ਪੁੱਤਰੀਆਂ ਰਾਜਵੀਰ , ਰਾਜਵੀਰ ਦੀ ਪਤਨੀ ਨੀਤੂ ਰਾਣੀ ,
ਰਾਜ ਸਿੰਘ ਪੁੱਤਰ ਛੋਟਾ ਸਿੰਘ ਘੜੁਲ ਪੁੱਤਰ ਦਰਸ਼ਨ ਸਿੰਘ , ਬੱਬੀ ਪੁੱਤਰ ਬਲਵੀਰ ਸਿੰਘ ਅਤੇ 10 / 12 ਅਣਪਛਾਤੇ ਵਿਅਕਤੀਆਂ ਖਿਲਾਫ਼ ਨਾਮਜਦ ਕੀਤਾ ਗਿਆ ਹੈ ।
ਇਸ ਮੁਕੱਦਮੇ ਵਿੱਚ ਰਾਜਵੀਰ ਪੁੱਤਰ ਮਹਿਤਾਬ ਸਿੰਘ ,
ਦੋ ਸਕੀਆਂ ਭੈਣਾਂ ਪੂਜਾ ਰਾਣੀ , ਬੱਬੂ ਰਾਣੀ ਪੁੱਤਰੀਆਂ ਰਾਜਵੀਰ , ਰਾਜਵੀਰ ਦੀ ਪਤਨੀ ਨੀਤੂ ਬਾਲਾ ਅਤੇ ਕਥਿਤ ਦੋਸ਼ੀ ਬੱਬੀ ਪੁੱਤਰ ਬਲਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
ਪੁਲਿਸ ਥਾਣਾ ਸਿਟੀ ਫ਼ਾਜ਼ਿਲਕਾ ਦੇ ਸ਼ਾਸਤਰੀ ਚੌਕ ਅਤੇ ਸਾਈਕਲ ਬਾਜ਼ਾਰ ਦਰਮਿਆਨ ਸਵੇਰੇ 11.20 ਜਦੋਂ ਸਹਾਇਕ ਥਾਣੇਦਾਰ ਬਲਕਾਰ ਸਿੰਘ ਸਰਕਾਰੀ ਗੱਡੀ ਸਮੇਤ ਗਸ਼ਤ ਅਤੇ ਚੈਕਿੰਗ ਲਈ ਘੰਟਾ ਘਰ ਤੋਂ ਅੱਗੇ ਸ਼ਾਸਤਰੀ ਚੌਕ ਸਾਇਕਲ ਬਾਜ਼ਾਰ ਪੁੱਜਿਆ ਤਾਂ ਇੱਥੇ ਪੰਜ ਆਦਮੀ ਖੜ੍ਹੇ ਸਨ ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਗਾਏ ਗਏ ਕਰਫ਼ਿਊ ਅਤੇ ਧਾਰਾ 144 ਦੀ ਉਲੰਘਣਾ ਕਰਨ ਬਾਰੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ ।
ਇਸ ਦੋਸ਼ ਤਹਿਤ ਭਾਰਤੀ ਦੰਡਾਵਲੀ ਦੀ ਧਾਰਾ 188 ਅਧੀਨ ਅਵਤਾਰ ਚੰਦ ਪੁੱਤਰ ਸਾਹਿਬ ਸਿੰਘ ਵਾਸੀ ਸੁਰੇਸ਼ ਵਾਲਾ ਸੈਣੀਆਂ ਫ਼ਾਜ਼ਿਲਕਾ , ਕਰਨਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਬਾਧਾ , ਸੰਦੀਪ ਪੁੱਤਰ ਜੰਗ ਸਿੰਘ ,
ਕੁਲਦੀਪ ਸਿੰਘ ਪੁੱਤਰ ਜੰਗ ਸਿੰਘ ਹਜ਼ਾਰਾ ਰਾਮ ਸਿੰਘ ਵਾਲਾ ਜਲਾਲਾਬਾਦ , ਕਾਲਾ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਤੇਜਾ ਰੁਹੇਲਾ ਗੱਟੀ ਨੰਬਰ 3 ਫ਼ਾਜ਼ਿਲਕਾ ਖਿਲਾਫ਼ ਮੁਕੱਦਮਾ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਪੁਲਿਸ ਥਾਣਾ ਖੂਹੀ ਖੇੜਾ ਵਿੱਚ ਦਰਜ ਮੁਕੱਦਮੇ ਅਨੁਸਾਰ ਕਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਹਰਬੰਸ ਲਾਲ ਪੁੱਤਰ ਭਗਵਾਨ ਦਾਸ ਵਾਸੀ ਪੈਂਚਾਂ ਵਾਲੀ , ਸੁਰਿੰਦਰ ਕੁਮਾਰ ਪੁੱਤਰ ਹਰਭਜਨ ਲਾਲ , ਜਗਦੀਸ਼ ਕੁਮਾਰ ਪੁੱਤਰ ਚਾਂਦੀ ਰਾਮ ਵਾਸੀਅਨ ਖਰਾਸ ਵਾਲੀ ਢਾਣੀ , ਅਤੇ ਕਿਰਨਦੀਪ ਕੌਰ ਪਤਨੀ ਹਰਿੰਦਰ ਕੁਮਾਰ ਵਾਸੀ ਖਰਾਸ ਵਾਲੀ ਢਾਣੀ ਪਿੰਡ ਸਜਰਾਣਾ ਵਿਖੇ ਬਾਅਦ ਦੁਪਹਿਰ 2.30 ਸ਼ਿਫ਼ਟ ਕਾਰ ਨੰਬਰੀ ਪੀ ਬੀ 22 ਯੂ 8903 ਉੱਪਰ ਸਵਾਰ ਹੋ ਕੇ ਆਏ ।
ਇਹਨਾਂ ਸਾਕਸ਼ੀ ਵਾਲਾ ਪਤਨੀ ਸੁਰਿੰਦਰ ਕੁਮਾਰ ਵਾਸੀ ਸਜਰਾਣਾ ਦੀ ਕੁੱਟਮਾਰ ਕੀਤੀ ।
ਇਹਨਾਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ਰਿਹਾਅ ਕਰ ਦਿੱਤਾ ਗਿਆ ਹੈ ।