ਡੀ.ਐੱਸ.ਪੀ ਘਨੌਰ ਮਨਪ੍ਰੀਤ ਸਿੰਘ ਆਪਣੀ ਟੀਮ ਨਾਲ ਲੋੜਵੰਦਾਂ ਨੂੰ ਰਾਸ਼ਨ ਦਿੰਦੇ ਹੋਏ
ਦੀਦਾਰ ਗੁਰਨਾ/ਜਸਪਾਲ ਨਿੱਝਰ
ਪਟਿਆਲਾ, 29 ਮਾਰਚ : ਭਾਵੇਂ ਕਿ ਮਨੁੱਖਤਾ ਨੇ ਕਰੋਨਾ ਵਾਇਰਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਕਈ ਮਹਾਂਮਾਰੀਆਂ ਦਾ ਸਾਹਮਣਾ ਕੀਤਾ ਹੈ ਪਰ ਮੌਜੂਦਾ ਦੌਰ ਵਿੱਚ ਇਹ ਮਹਾਂਮਾਰੀ ਇਸ ਲਈ ਵੀ ਭਿਆਨਕ ਜਾਪ ਰਹੀ ਹੈ ਕਿਉਂਕਿ 21ਵੀਂ ਸਦੀ 'ਚ ਇਨਸਾਨ ਕੋਲ ਜਾਣਕਾਰੀ ਹਾਸਲ ਕਰਨ ਦੇ ਅਥਾਹ ਭੰਡਾਰ ਹਨ। ਜਾਣਕਾਰੀ ਹਾਸਿਲ ਕਰਦਿਆਂ ਅਨਜਾਣੇ ਵਿੱਚ ਇਨਸਾਨ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਦੀ ਦਲਦਲ ਵਿੱਚ ਧਸ ਜਾਂਦਾ ਹੈ ਤੇ ਨਿਰਾਸ਼ ਹੋ ਕੇ ਸਰਵਾਈਵ ਕਰਨ ਦੇ ਸਾਰੇ ਹਥਿਆਰ ਵੀ ਸੁੱਟ ਦੇਂਦਾ ਹੈ।
ਨਿਰਾਸ਼ਾ ਦੀ ਇਸ ਧੁੰਦ ਨੂੰ ਚੀਰਦੇ ਹੋਏ ਚੜ੍ਹਦੀਕਲਾ ਵਾਲੇ ਕੁੱਝ ਲੋਕ ਜ਼ਿੰਦਗੀ ਦੇ ਨਵੇਂ ਰਾਹ ਲੱਭ ਹੀ ਲੈਂਦੇ ਹਨ। ਅਜਿਹੀ ਹੀ ਇੱਕ ਮਿਸਾਲ ਪਟਿਆਲਾ ਪੁਲਿਸ ਵਿੱਚ ਬਤੌਰ ਡੀ.ਐੱਸ.ਪੀ ਘਨੌਰ ਵਜੋਂ ਸੇਵਾ ਨਿਭਾ ਰਹੇ ਮਨਪ੍ਰੀਤ ਸਿੰਘ ਨੇ ਕਾਇਮ ਕੀਤੀ ਹੈ। ਕਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਪੰਜਾਬ 'ਚ ਲੱਗੇ ਕਰਫ਼ਿਊ ਕਾਰਨ ਗ਼ਰੀਬ ਮਜ਼ਦੂਰਾਂ ਸਾਹਮਣੇ ਰੋਟੀ ਟੁੱਕ ਦਾ ਮੁੱਢਲਾ ਸਵਾਲ ਹੀ ਜ਼ਿੰਦਗੀ ਦੇ ਰਾਹ ਵਿੱਚ ਕੰਧ ਬਣ ਕੇ ਖੜ੍ਹਾ ਹੋ ਗਿਆ ਹੈ। ਅਜਿਹੇ ਔਖੇ ਸਮੇਂ ਵਿੱਚ ਮਨਪ੍ਰੀਤ ਸਿੰਘ ਅਜੇਹੀਆਂ ਕੰਧਾਂ ਨੂੰ ਪਾਰ ਕਰਕੇ ਸਿੱਧਾ ਲੋੜਵੰਦ ਲੋਕਾਂ ਦੇ ਘਰਾਂ ਦਾ ਦਰਵਾਜ਼ਾ ਖੜਕਾ ਰਹੇ ਹਨ। ਕੰਬਦੇ ਹੱਥਾਂ ਨਾਲ਼ ਜਦੋਂ ਕੋਈ ਸਹਿਮਿਆਂ ਹੋਇਆ ਗ਼ਰੀਬ ਦਰਵਾਜ਼ਾ ਖੋਲ੍ਹਦਾ ਹੈ ਤਾਂ ਉਸ ਦੇ ਸਾਹਮਣੇ ਹਸਮੁਖ ਚਿਹਰੇ ਨਾਲ਼ ਜ਼ਿੰਦਗੀ ਦੇ ਰੂਪ ਵਿੱਚ ਮਨਪ੍ਰੀਤ ਸਿੰਘ ਹੱਥ ਵਿੱਚ ਰਾਸ਼ਨ ਦਾ ਥੈਲਾ ਲੈ ਕੇ ਖੜ੍ਹੇ ਹੁੰਦੇ ਨੇ। ਖਾਣ ਪੀਣ ਅਤੇ ਹੋਣ ਜ਼ਰੂਰੀ ਸਮਾਨ ਦਾ ਭਰਿਆ ਹੋਇਆ ਥੈਲਾ ਦੇਣ ਤੋਂ ਬਾਅਦ ਉਹ ਇਹ ਵੀ ਕਹਿੰਦੇ ਨੇ ਕਿ "ਜੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋਈ ਤਾਂ ਉਹ ਵੀ ਦੱਸੋ"
ਕਰੋਨਾ ਵਾਇਰਸ ਤੋਂ ਬਚਾਅ ਲਈ ਜੇਕਰ ਕੋਈ ਬੱਚਾ ਮਾਸਕ ਪਹਿਨਦਾ ਹੈ ਤਾਂ ਮਨਪ੍ਰੀਤ ਸਿੰਘ ਉਸ ਨੂੰ ਸਲੂਟ ਵੀ ਮਾਰਦੇ ਹਨ ਤੇ ਮੰਜੇ ਤੇ ਬੈਠੀ ਕਿਸੇ ਗ਼ਰੀਬ ਬਜ਼ੁਰਗ ਔਰਤ ਤੋਂ ਸਿਰ ਝੁਕਾ ਕੇ ਅਸ਼ੀਰਵਾਦ ਲੈ ਕੇ ਕਹਿੰਦੇ ਹਨ ਕਿ "ਮਾਂ ਤਾਂ ਮਾਂ ਹੀ ਹੁੰਦੀ ਹੈ" ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਰਫ਼ਿਊ ਦੇ ਐਲਾਨ ਤੋਂ ਬਾਅਦ ਪੁਲਿਸ ਵੱਲੋਂ ਵਰਤੀ ਗਈ ਸਖ਼ਤੀ ਤੋਂ ਬਾਅਦ ਲੋਕਾਂ ਵਿੱਚ ਪੁਲਿਸ ਪ੍ਰਤੀ ਗ਼ੁੱਸਾ ਵੀ ਹੈ ਪਰ ਜੇਕਰ ਲੋਕ ਘਰਾਂ ਅੰਦਰ ਬੈਠ ਕੇ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਦਾ ਸਾਥ ਦੇਣਗੇ ਤਾਂ ਪੰਜਾਬ ਪੁਲਿਸ ਵਿੱਚੋਂ ਡੀ.ਐੱਸ.ਪੀ ਮਨਪ੍ਰੀਤ ਵਰਗੇ ਹੋਰ ਵੀ ਕਈ ਮਨਪ੍ਰੀਤ ਹਸਮੁਖ ਚਿਹਰੇ ਨਾਲ਼ ਲੋੜਵੰਦਾਂ ਦੀ ਸਿਰ ਨਿਵਾ ਕੇ ਸੇਵਾ ਕਰਨ ਲਈ ਨਿੱਤਰ ਆਉਣਗੇ !
ਇਸ ਮੌਕੇ ਬਾਬੂਸ਼ਾਹੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਡੀ.ਐੱਸ.ਪੀ ਘਨੌਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਲੋਕ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਇਨ ਬਿਨ ਪਾਲਣਾ ਯਕੀਨੀ ਬਨਾਉਣ ਤੇ ਘਰਾਂ ਵਿੱਚ ਰਹਿ ਕੇ ਹੀ ਇਸ ਬਿਮਾਰੀ ਨੂੰ ਠੱਲ੍ਹਣ ਵਿੱਚ ਸਰਕਾਰ ਨੂੰ ਸਹਿਯੋਗ ਦੇਣ। ਇਸ ਔਖੀ ਘੜੀ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਾਰਾ ਪ੍ਰਸ਼ਾਸਨ ਦਿਨ ਰਾਤ ਇਕ ਕਰ ਕੇ ਕੰਮ ਰਿਹਾ ਹੈ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।