ਜਗਦੀਸ਼ ਥਿੰਦ
ਫ਼ਾਜ਼ਿਲਕਾ 3 ਅਪ੍ਰੈਲ :
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ’ਤੇ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਨਤਾ ਨੂੰ ਸੁਰੱਖਿਅਤ ਰੱਖਣ ਦੀ ਇਸ ਪ੍ਰਕਿਰਿਆ ਦੇ ਚੱਲਦੇ ਜ਼ਿਲ੍ਹੇ ਵਿੱਚ ਕਰਫ਼ਿਊ ਵੀ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਰਫ਼ਿਊ ਦੌਰਾਨ ਆਮ ਜਨਤਾ ਤੱਕ ਡਾਕਟਰੀ ਪਹੁੰਚ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਕੋਵਾ ਐਪ ਦੇ ਮਾਧਿਅਮ ਨਾਲ ਕਨੈਕਟ-ਟੂ-ਡਾਕਟਰ ਨਾਮ ਤੋਂ ਵਿਸ਼ੇਸ਼ ਹੈਲਪਲਾਈਨ ਨੰਬਰ 1800-180-4104 ਜਾਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਸੁਵਿਧਾ ਨਾਗਰਿਕਾਂ ਨੂੰ ਦੇਸ਼ ਭਰ ਵਿੱਚ 1800 ਤੋਂ ਵੱਧ ਮਾਹਿਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਵਿੱਚ ਮਦਦ ਕਰੇਗੀ ਅਤੇ ਜਨਤਾ ਕੋਵਿਡ-19 ਅਤੇ ਹੋਰ ਚਿੰਤਾਵਾਂ ਸਬੰਧੀ ਡਾਕਟਰੀ ਸਲਾਹ ਪ੍ਰਾਪਤ ਕਰ ਸਕਣਗੇ। ਉਨ੍ਹਾਂ ਇਸ ਸਬੰਧ ਵਿੱਚ ਜ਼ਿਲ੍ਹੇ ਦੇ ਮਾਹਿਰ ਡਾਕਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਵੈ-ਇਛੁੱਕ ਭਾਗੀਦਾਰੀ ਲਈ ਇਸ ਨੇਕ ਉਪਰਾਲੇ ਦਾ ਹਿੱਸਾ ਬਣ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਹਰੇਕ ਵਿਅਕਤੀ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਕੋਵਾ ਐਪ ਰਾਹੀਂ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਰਾਹੀਂ ਕੋਈ ਵੀ ਵਿਅਕਤੀ ਜਾਂ ਸੰਸਥਾ ਸਵੈ-ਇੱਛਾ ਨਾਲ ਰਜਿਸਟਰੇਸ਼ਨ ਕਰਵਾ ਕੇ ਵਲੰਟੀਅਰ ਦੇ ਤੌਰ ’ਤੇ ਸੇਵਾਵਾਂ ਨਿਭਾਅ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਜਿਸਟਰਡ ਵਲੰਟੀਅਰਾਂ ਤੋਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਕੋਵਾ ਐਪ ਡਾਊਨਲੋਡ ਕਰਕੇ ਆਪਣੇ ਆਪ ਨੂੰ ਵਲੰਟੀਅਰ ਵਜੋਂ ਰਜਿਸਟਰਡ ਕਰ ਸਕਦੇ ਹਨ।
ਸ. ਸੰਧੂ ਨੇ ਦੱਸਿਆ ਕਿ ਵਲੰਟੀਅਰ ਤੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਅਤੇ ਇਨ੍ਹਾਂ ਸੇਵਾਵਾਂ ਨੂੰ ਵੱਖ-ਵੱਖ ਕੈਟਾਗਿਰੀਆਂ ਵਿੱਚ ਵੰਡਿਆ ਗਿਆ ਹੈ। ਪਹਿਲੀ ਕੈਟਾਗਿਰੀ ਵਿੱਚ ਕਮਿਊਨਿਟੀ ਰਿਸਪਾਂਸ ਵਲੰਟੀਅਰ ਦੀ ਹੈ, ਜਿਸ ਦੀ ਭੂਮਿਕਾ ਦਵਾਈਆਂ, ਭੋਜਨ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਹੋਵੇਗਾ। ਇਸ ਤੋਂ ਇਲਾਵਾ ਜ਼ਰੂਰਤਮੰਦ ਲੋਕਾਂ ਲਈ ਖਾਣਾ ਬਣਾਉਣ ਦੀ ਸੇਵਾ ਵੀ ਲਈ ਜਾਵੇਗੀ। ਦੂਸਰੀ ਕੈਟਾਗਿਰੀ ਪੇਸ਼ੈਂਟ ਟਰਾਂਸਪੋਰਟ ਵਲੰਟੀਅਰ ਦੀ ਹੈ ਅਤੇ ਇਹ ਵਲੰਟੀਅਰ ਉਨ੍ਹਾਂ ਮਰੀਜ਼ਾਂ ਦੇ ਘਰਾਂ ਤੱਕ ਸੁਰੱਖਿਅਤ ਵਾਹਨ ਸੇਵਾਵਾਂ ਪ੍ਰਦਾਨ ਕਰਨਗੇ, ਜਿਸ ਨੂੰ ਮੈਡੀਕਲ ਫਿਟ ਕਰਨ ਦੇ ਬਾਅਦ ਡਿਸਚਾਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤੀਸਰੀ ਕੈਟਾਗਿਰੀ ਸਰਕਾਰੀ ਟਰਾਂਸਪੋਰਟ ਵਲੰਟੀਅਰ ਦੀ ਹੈ, ਇਨ੍ਹਾਂ ਦੀ ਭੂਮਿਕਾ ਸਰਕਾਰੀ ਸੇਵਾਵਾਂ ਅਤੇ ਹੋਰ ਸਾਈਟਾਂ ਵਿੱਚ ਉਪਕਰਨ, ਸਪਲਾਈ ਅਤੇ ਦਵਾਈਆਂ ਟਰਾਂਸਪੋਰਟ ਦਾ ਕੰਮ ਕਰਨ ਦੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੌਥੀ ਕੈਟਾਗਿਰੀ ਚੈਕ ਇਨ ਅਤੇ ਚੈਟ ਵਲੰਟੀਅਰ ਦੀ ਹੈ, ਇਨ੍ਹਾਂ ਵਲੰਟੀਅਰਾਂ ਦੀ ਭੂਮਿਕਾ ਉਨ੍ਹਾਂ ਵਿਅਕਤੀਆਂ ਨੂੰ ਥੋੜੇ ਸਮੇਂ ਲਈ ਟੈਲੀਫੋਨ ਸਹਾਇਤਾ ਪ੍ਰਦਾਨ ਕਰਨਾ ਹੈ, ਜੋ ਕਿ ਇਕੱਲੇਪਣ ਅਤੇ ਸੈਲਫ ਆਈਸੋਲੇਸ਼ਨ ਦੇ ਸ਼ਿਕਾਰ ਹਨ ਅਤੇ ਅੰਤਿਮ ਕੈਟਾਗਿਰੀ ਸਾਫਟਵੇਅਰ ਡਿਵੈਲਪਮੈਂਟ ਵਲੰਟੀਅਰ ਦੀ ਹੈ, ਜੋ ਕਿ ਸਰਕਾਰ ਦੀ ਲੋੜ ਅਨੁਸਾਰ ਵੱਖ-ਵੱਖ ਆਈ.ਟੀ. ਪ੍ਰੋਗਰਾਮ ਅਤੇ ਸਾਫਟ ਵੇਅਰ ਵਿੱਚ ਸ਼ਾਮਲ ਹੋਣਗੇ।