ਅਸ਼ੋਕ ਵਰਮਾ
- ਭਲਕੇ ਟੈਂਕੀਆਂ ਤੇ ਚੜਨਗੇ ਠੇਕਾ ਮੁਲਾਜਮ
ਬਠਿੰਡਾ, 26 ਮਈ 2020 - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਕਾਇਦੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਭਲਕੇ ਬੁੱਧਵਾਰ ਨੂੰ ਟੈਂਕੀਆਂ ਤੇ ਚੜਕੇ ਸਰਕਾਰੀ ਨੀਤੀਆਂ ਖਿਲਾਫ ਅਵਾਜ਼ ਬੁਲੰਦ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਤੇ ਜਿਲਾ ਪ੍ਰਧਾਨ ਸੰਦੀਪ ਖਾਂ ਬਾਲਿਆਵਾਲੀ ਅਤੇ ਜਨਰਲ ਸਕੱਤਰ ਅਮਿਤ ਬਾਂਸਲ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਠੇਕਾ ਅਧਾਰਿਤ ਕੰਟਰੈਕਟ ਵਰਕਰ ਪੇਂਡੂ ਜਲ ਸਪਲਾਈ ਸਕੀਮਾਂ ‘ਤੇ ਪਿਛਲੇ 10-12 ਸਾਲਾਂ ਤੋਂ ਸੇਵਾਵਾਂ ਦੇ ਰਹੇ ਹਨ ਜਿਨ੍ਹਾਂ ਰੈਗੂਲਰ ਕਰਨ ਦੀ ਥਾਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਆਏ ਦਿਨ ਮਾਰੂ ਫੈਸਲੇ ਲੈ ਰਹੇ ਹਨ।
ਉਨ੍ਹਾਂ ਆਖਿਆ ਕਿ ਹੁਣ ਇਨ੍ਹਾਂ ਕੰਟਰੈਕਟ ਵਰਕਰਾਂ ਨੂੰ ਤਨਖਾਹਾਂ ਦੇਣ ਵਾਲਾ ਪਹਿਲਾਂ ਵਾਲਾ ਢੰਗ ਬਦਲ ਕੇ 1 ਅਪ੍ਰੈਲ 2020 ਤੋਂ 27 ਮਾਈਨਰ ਵਰਕ ਹੈਡ (ਠੇਕੇਦਾਰ ਨੂੰ ਮੈਨਟੀਨੇਸ ਦੀ ਪੇਮੈਟ ਦੇਣ) ਅਧੀਨ ਤਨਖਾਹਾਂ ਦੇਣ ਦਾ ਮਾਰੂ ਫੈਸਲਾ ਲਿਆ ਸੀ ਜਦੋਂਕਿ ਤਾਜ਼ਾ ਫੈਸਲੇ ਤਹਿਤ ਜਲ ਸਪਲਾਈ ਵਿਭਾਗ ਦੇ ਵਧੀਕ ਡਾਇਰੈਕਟਰ (ਵਿੱਤ) ਨੇ ਲੰਘੀ 19 ਮਈ ਨੂੰ ਪੱਤਰ ਜਾਰੀ ਕਰਕੇ ਵਰਕਰਾਂ ਦੀ ਤਨਖਾਹ ਦੇਣ ਵਾਲਾ ਨਵਾਂ ਹੈਡ 30 ਕੁਟਰੈਚੂਲਰ ਸਰਵਿਸ ਲਿਆਂਦਾ ਜਾ ਰਿਹਾ ਹੈ, ਜਿਸ ਦਾ ਉਹ ਤਿੱਖਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਨੇ ਪੰਜਾਬ ਦੇ ਜਿਲਿਆਂ ਨੂੰ ਦੋ ਹਿੱਸਿਆ ਵਿਚ ਵੰਡ ਕੇ 28 ਮਈ ਅਤੇ 29 ਮਈ ਨੂੰ ਸ਼ਹਿਰਾਂ ‘ਚ ਜਨਤਕ ਥਾਵਾਂ ‘ਤੇ ਬਣੀਆਂ ਪਾਣੀ ਵਾਲੀਆਂ ਟੈਕੀਆਂ ’ਤੇ ਚੜ ਕੇ ਪੰਜਾਬ ਸਰਕਾਰ ਅਤੇ ਜਲ ਸਪਲਾਈ ਮਨੇਜਮੈਂਟ ਵਿਰੁੱਧ ਤਹਿਸੀਲ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਲਈ ਲਾਮਬੰਦੀ ਮੁਕੰਮਲ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਵਿਚ ਵਰਕਰ ਆਪਣੀ ਡਿਊਟੀ ਨੂੰ ਨਿਰੰਤਰ ਜਾਰੀ ਰੱਖ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਦੇ ਰਹੇ ਹਨ ਜਦੋਂ ਕਿ ਸਰਕਾਰ ਨੇ ਵਰਕਰਾਂ ਨੂੰ ਵਿਭਾਗ ‘ਚ ਲਿਆ ਕੇ ਰੈਗੂਲਾਰ ਕਰਨ ਸਮੇਤ ਹੋਰ ਜਾਇਜ ਮੰਗਾਂ ਦੇ ਸਬੰਧ ਵਿੱਚ ਚੁੱਪ ਧਾਰ ਰੱਖੀ ਹੈ।
ਆਗੂਆਂ ਨੇ ਨਵਾਂ ਹੈਡ 30 ਕੁਟਰੈਚੂਲਰ ਸਰਵਿਸ ਰਾਹੀ ਵਰਕਰਾਂ ਨੂੰ ਤਨਖਾਹ ਦੇਣ ਦੇ ਫੈਸਲੇ ਨੂੰ ਤੁਰੰਤ ਵਾਪਸ ਲੈਣ, ਜਲ ਸਪਲਾਈ ਵਿਭਾਗ ਦੇ ਕੰਟਰੈਕਟ ਵਰਕਰਾਂ ਨੂੰ ਵਿਭਾਗ ਵਿਚ ਸ਼ਾਮਿਲ ਕਰਕੇ ਰੈਗੂਲਰ ਕਰਨ, ਹਫਤਾਵਾਰੀ ਰੈਸਟ ਜਾਂ ਓਵਰ ਟਾਈਮ ਦਾ ਭੱਤਾ ਦੇਣ, 50 ਲੱਖ ਰੁਪਏ ਦਾ ਵਰਕਰ ਦਾ ਬੀਮਾ ਅਤੇ ਪਰਿਵਾਰ ਦਾ ਮੁਫਤ ਇਲਾਜ ਕਰਨ ਦੀ ਸਹੂਲਤ ਦੇਣ, ਕੋਰੋਨਾ ਮਹਾਮਾਰੀ ਦੌਰਾਨ ਡਿਊਟੀ ਕਰਨ ‘ਤੇ ਮੌਤ ਹੋ ਜਾਣ ਦੀ ਸੂਰਤ ’ਚ ਪਰਿਵਾਰ ਨੂੰ 1 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦੇਣ ਅਤੇ ਵਰਕਰਾਂ ਨੂੰ 24 ਘੰਟੇ ਡਿਉਟੀ ਲਈ ਬੋਨਸ ਜਾਂ ਮਾਨਭੱਤਾ ਦੇਣ, ਈ.ਪੀ.ਐਫ., ਈ.ਐਸ.ਆਈ. ਲਾਗੂ ਕਰਨ ,ਜਲ ਘਰਾਂ ਦੇ ਪੰਚਾਇਤੀਕਰਨ ਤੇ ਰੋਕ ਲਾਉਣ ਅਤੇ ਵਰਕਰਾਂ ਨੂੰ ਕੋਵਿਡ-19 ਦੇ ਹਲਾਤਾਂ ਵਿਚ ਡਿਊਟੀ ਕਰਨ ਸਮੇਂ ਬਚਾਅ ਲਈ ਸੇਫਟੀ ਸਮਾਨ ਜਿਵੇਂ ਕਿ ਪੀ.ਪੀ. ਈ. ਕਿੱਟਾਂ, ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।