ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 26 ਮਈ 2020 - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਨਾਲ-ਨਾਲ ਹੁਣ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ, ਅਜਿਹੇ 'ਚ ਬੀਤੇ ਦਿਨਾਂ ਤੋਂ ਖਾਸ ਕਰਕੇ ਵੱਗ ਰਹੀ ਗਰਮ ਲੂ ਦਾ ਅਸਰ ਕੁਝ ਕੁ ਦਿਨ ਪਹਿਲਾਂ ਸ਼ੁਰੂ ਹੋਏ ਜਨਜੀਵਨ 'ਤੇ ਦਿਖਾਈ ਦੇ ਰਿਹਾ ਹੈ।
ਦਿਨ ਚੜ੍ਹਦਿਆਂ ਹੀ ਤਿੱਖੀ ਧੁੱਪ ਦਾ ਅਸਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ 'ਚ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਜੋ ਕਿ ਅੱਜ ਕਰੀਬ 42 ਡਿਗਰੀ ਸੈਲਸੀਅਸ ਤੋਂ ਵਧੇਰੇ ਸੀ। ਤਕਰੀਬਨ ਪਿਛਲੇ 2 ਮਹੀਨਿਆਂ ਤੋਂ ਵਿਸ਼ਵਵਿਆਪੀ ਮਹਾਂਮਾਰੀ ਕੋਵਿਡ-19 ਨਾਲ ਜ਼ਿੰਦਗੀ ਘਰਾਂ ਦੀ ਦਹਿਲੀਜ਼ ਤੱਕ ਸੀਮਤ ਹੋਣ ਕਰਕੇ ਹਰੇਕ ਵਰਗ ਨਾਲ ਸਬੰਧਿਤ ਕੰਮਕਾਜ ਠੱਪ ਹੋਇਆ ਪਿਆ ਸੀ।
ਜਿਸ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਭਾਵੇਂ ਸ਼ਰਤਾਂ ਸਮੇਤ ਆਗਿਆ ਮਿਲਣ ਦੇ ਨਤੀਜੇ ਵਜੋਂ ਵੀਰਾਨ ਪਈਆਂ ਸੜਕਾਂ 'ਤੇ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਸੀ ਪਰ ਹੁਣ ਗਰਮੀ ਕਰਕੇ ਲੋਕ ਇਕ ਵਾਰ ਫਿਰ ਘਰਾਂ 'ਚੋਂ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਅੱਜ ਗੁਰੂ ਨਗਰੀ ਦੇ ਵੱਖ-ਵੱਖ ਬਾਜ਼ਾਰਾਂ 'ਚ ਦੁਕਾਨਦਾਰ ਗਾਹਕਾਂ ਨੂੰ ਉਡੀਕਦੇ ਦਿਖਾਈ ਦਿੱਤੇ ਅਤੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਾਰੋਬਾਰ ਪਹਿਲਾਂ ਹੀ ਨਾਮਾਤਰ ਚੱਲ ਰਿਹਾ ਹੈ ਜਦਕਿ ਹੁਣ ਗਰਮੀ ਕਰਕੇ ਗਾਹਕ ਹੋਰ ਘੱਟ ਗਏ ਹਨ।
ਮੌਸਮ ਵਿਭਾਗ ਵਲੋਂ ਵੱਖ-ਵੱਖ ਸੂਬਿਆ ਸਮੇਤ ਪੰਜਾਬ ਨੂੰ ਜਿੱਥੇ ਅਗਲੇ 2 ਦਿਨਾਂ ਦੇ ਲਈ 'ਰੈੱਡ ਅਲਰਟ' ਜਾਰੀ ਕੀਤਾ ਗਿਆ ਹੈ। ਉੱਥੇ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ 29 ਮਈ ਤੋਂ ਬਾਅਦ ਹੀ ਗਰਮੀ ਤੋਂ ਰਾਹਤ ਮਿਲਣ ਦੇ ਆਸਾਰ ਹਨ। ਵਿਭਾਗ ਨੇ ਅਪੀਲ ਕੀਤੀ ਹੈ ਖਾਸ ਕਰਕੇ ਦੁਪਹਿਰ ਵੇਲੇ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਤੋਂ ਗੁਰੇਜ ਕੀਤਾ ਜਾਵੇ।