ਅਸ਼ੋਕ ਵਰਮਾ
ਬਠਿੰਡਾ, 26 ਮਈ 2020 - ਜ਼ਿਲ੍ਹਾ ਬਠਿੰਡਾ ਦੇ ਪਿੰਡ ਪਥਰਾਲਾ ’ਚ ਅਬਾਦੀ ਵਿੱਚ ਖੋਲ੍ਹੇ ਜਾਣ ਵਾਲੇ ਠੇਕ ਖਿਲਾਫ ਲੋਕ ਰੋਹ ਉੱਠ ਖਲੋਤਾ ਹੈ। ਅੱਜ ਪਿੰਡ ਵਾਸੀਆਂ ਨੇ ਠੇਕੇ ਦੀ ਬਰਾਂਚ ਖੋਲ੍ਹਣ ਨੂੰ ਲੈਕੇ ਠੇਕੇਦਾਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਭੜਕੇ ਪਿੰਡ ਵਾਸੀਆਂ ਨੇ ਠੇਕੇਦਾਰਾਂ ਖਿਲਾਫ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ। ਪਿੰਡ ਵਾਸੀ ਗੁਰਪ੍ਰ੍ਰੀਤ ਸਿੰਘ ਦਾ ਕਹਿਣਾ ਸੀ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਸੰਘਣੀ ਅਬਾਦੀ ਵਿੱਚ ਠੇਕਾ ਨਹੀਂ ਚਲਾਇਆ ਜਾ ਸਕਦਾ ਹੈ ਜਦੋਂਕਿ ਇਹ ਲੋਕ ਧੱਕਾ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਠੇਕੇਦਾਰ ਪਹਿਲਾਂ ਤਾਂ ਚੁੱਪ-ਚਪੀਤੇ ਸ਼ਰਾਬ ਰੱਖ ਗਏ ਸਨ ਪਰ ਅੱਜ ਜਦੋਂ ਉਨਾਂ ਠੇਕਾ ਖੋਲ੍ਹਣਾ ਚਾਾਹਿਆ ਤਾਂ ਲੋਕ ਇਕੱਠੇ ਹੋ ਗਏ ਅਤੇ ਵਿਰੋਧ ਸ਼ੁਰੂ ਕਰ ਦਿੱਤਾ। ਓਧਰ ਠੇਕੇ ਨੂੰ ਲੈਕੇ ਰੱਫੜ ਪਿਆ ਦੇਖ ਕੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਸ਼ਾਂਤ ਕਰਨਾ ਚਾਹਿਆ ਪਰ ਲੋਕਾਂ ਨੇ ਠੇਕਾ ਚਲਾਉਣ ਦੇਣ ਤੋਂ ਜਵਾਬ ਦੇ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਕੁੱਝ ਦਿਨਾਂ ਦੀ ਮੋਹਲਤ ਮੰਗ ਰਹੇ ਸਨ ਜਿਸ ਨੂੰ ਉਨਾਂ ਨਾ ਮਨਜੂਰ ਕਰ ਦਿੱਤਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਉਹ ਪਿੱਛੇ ਨਹੀਂ ਹਟਣਗੇ। ਇਸ ਮੌਕੇ ਮਲਕੀਤ ਕੌਰ, ਜਸਵੀਰ ਕੌਰ, ਕਿਰਨਦੀਪ ਕੌਰ, ਪਰਮਜੀਤ ਕੌਰ,ਗੁਰਪਾਲ ਸਿੰਘ,ਕੁਲਦੀਪ ਮਾਨ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਗੁਰਦੀਪ ਮਾਨ, ਗੁਰਲਾਲ ਸਿੰਘ, ਅਤਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜਰ ਸਨ। ਪੁਲਸ ਚੌਂਕੀ ਪਥਰਾਲਾ ਦੇ ਇੰਚਾਰਜ਼ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਦੋਵੇ ਧਿਰਾ ’ਚ ਸਹਿਮਤੀ ਬਨਾਉਣ ਦੇ ਯਤਨ ਜਾਰੀ ਹਨ ਪਰ ਫਿਲਹਾਲ ਸਫਲਤਾ ਨਹੀਂ ਮਿਲੀ ਹੈ।