- ਰਵਾਨਗੀ ਸਮੇਂ ਟ੍ਰੇਨ ਅੰਦਰ ਬੈਠੇ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ
ਫਿਰੋਜ਼ਪੁਰ, 26 ਮਈ 2020 : ਫਿਰੋਜ਼ਪੁਰ ਸਮੇਤ ਮਾਲਵਾ ਦੇ ਹੋਰਨਾਂ ਜ਼ਿਲ੍ਹਿਆਂ ਦੇ 1085 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ 13ਵੀਂ ਸਪੈਸ਼ਲ ਸ਼੍ਰਮਿਕ ਐਕਸਪ੍ਰੈੱਸ ਟਰੇਨ ਮੰਗਲਵਾਰ ਸ਼ਾਮ 7 ਵਜੇ ਬਿਹਾਰ ਦੇ ਪੂਰਨੀਆਂ ਲਈ ਰਵਾਨਾ ਹੋਈ।ਇਸ ਟ੍ਰੇਨ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ. ਕੁਲਵੰਤ ਸਿੰਘ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਕੁਮਾਰ ਸੌਰਭ ਰਾਜ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਲਾਕਡਾਊਨ ਕਰਕੇ ਫਸੇ ਮਜ਼ਦੂਰਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ ਪੰਜਾਬ ਸਰਕਾਰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਹਨ, ਇਸੇ ਲੜੀ ਤਹਿਤ ਮੰਗਲਵਾਰ ਸ਼ਾਮ ਨੂੰ 7 ਵਜੇ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ 13ਵੀਂ ਟ੍ਰੇਨ ਬਿਹਾਰ ਦੇ (ਪੂਰਨੀਆਂ) ਲਈ ਰਵਾਨਾ ਕੀਤੀ ਗਈ। ਇਸ ਟ੍ਰੇਨ ਵਿਚ 1085 ਪ੍ਰਵਾਸੀ ਮਜ਼ਦੂਰਾਂ ਨੂੰ ਭੇਜਿਆ ਗਿਆ ਹੈ ਅਤੇ ਟ੍ਰੇਨ ਦਾ 11 ਲੱਖ 20 ਹਜ਼ਾਰ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 1085 ਪ੍ਰਵਾਸੀ ਮਜ਼ਦੂਰ (ਸ਼੍ਰਮਿਕ) ਰਵਾਨਾ ਕੀਤੇ ਗਏ ਹਨ ਤੇ ਸਾਰਿਆਂ ਨੂੰ ਫੂਡ ਪੈਕੇਟ, ਪਾਣੀ ਦੀਆਂ ਬੋਤਲਾਂ, ਫੇਸ ਮਾਸਕ ਵੀ ਉਪਲੱਬਧ ਕਰਵਾਏ ਗਏ, ਨਾਲ ਹੀ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਜਾਗਰੂਕ ਵੀ ਕੀਤਾ ਗਿਆ। ਟ੍ਰੇਨ ਦੀ ਰਵਾਨਗੀ ਮੌਕੇ ਅੰਦਰ ਬੈਠੇ ਸਾਰੇ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹੀ ਉਹ ਇਸ ਔਖੀ ਘੜੀ ਵਿਚ ਆਪਣੇ ਘਰ ਵਾਪਸ ਪਰਤ ਰਹੇ ਹਨ।
ਇਸ ਮੌਕੇ ਐਸ.ਡੀ.ਐਮ. ਸ੍ਰੀ ਅਮਿਤ ਗੁਪਤਾ ਅਤੇ ਕਾਨੂੰਗੋ ਸੰਤੋਖ ਸਿੰਘ ਹਾਜ਼ਰ ਸਨ।