ਹਰਜਿੰਦਰ ਸਿੰਘ ਬਸਿਆਲਾ
- ਕਿਰਨ ਆਸ ਦੀ...ਸੂਰਜ ਵੀ ਨਿਕਲੇਗਾ
- ਵਰਕ ਵੀਜ਼ਾ ਹੋਲਡਰ ਨਿਊਜ਼ੀਲੈਂਡ ਵਾਪਿਸ ਪਰਤਣ ਦੇ ਯੋਗ ਰਹਿਣਗੇ, ਸੁਰੱਖਿਅਤ ਰਸਤੇ ਦੀ ਭਾਲ ਜਾਰੀ -ਪ੍ਰਧਾਨ ਮੰਤਰੀ
ਔਕਲੈਂਡ, 27 ਮਈ 2020 - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਇਕ ਭਾਰਤੀ ਰੇਡੀਓ ਚੈਨਲ ਨਾਲ ਗੱਲਬਾਤ ਕਰਦਿਆਂ ਭਾਰਤ ਫਸੇ ਵਰਕ ਵੀਜ਼ਾ ਧਾਰਕਾਂ ਲਈ ਆਸ ਦੀ ਕਿਰਨ ਜਗਾ ਦਿੱਤੀ ਹੈ। ਵਿਸ਼ਵਾਸ਼ ਹੈ ਕਿ ਕੋਰੋਨਾ 'ਤੇ ਪੂਰਨ ਕਾਬੂ ਪੈਂਦਿਆ ਅਤੇ ਅੰਤਰਰਾਸ਼ਟਰੀ ਸਰਹੱਦਾਂ ਖੁੱਲ੍ਹਣ ਬਾਅਦ ਨਵੀਂ ਸਵੇਰ ਵਾਲਾ ਸੂਰਜ ਵੀ ਹਜ਼ਾਰਾਂ ਲੋਕਾਂ ਦੀ ਕਿਸਮਤ ਆਪਣੀ ਰੌਸ਼ਨੀ ਨਾਲ ਚਮਕਾਏਗਾ। ਵਰਕ ਵੀਜ਼ਾ ਧਾਰਕਾਂ ਅਤੇ ਅੰਤਰਾਸ਼ਟਰੀ ਵਿਦਿਆਰਥੀਆਂ ਲਈ ਆਸ ਦੀ ਚਮਕ ਅਜੇ ਵੀ ਟਿਮਟਿਮਾਉਂਦੀ ਹੈ ਤਾਂ ਕਿ ਉਹ ਵਾਪਿਸ ਨਿਊਜ਼ੀਲੈਂਡ ਪਰਤ ਸਕਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗੰਭੀਰਤਾ ਦੇ ਨਾਲ ਇਕ ਸੁਰੱਖਿਅਤ ਰਾਹ ਦੀ ਤਲਾਸ਼ ਵਿਚ ਹੈ ਤਾਂ ਕਿ ਦੂਜੇ ਮੁਲਕਾਂ ਦੇ ਵਿਚ ਫਸੇ ਅਸਥਾਈ ਵੀਜ਼ਾ ਧਾਰਕ ਵੀ ਇੱਥੇ ਵਾਪਿਸ ਆ ਸਕਣ। ਉਨ੍ਹਾਂ ਕਿਹਾ ਕਿ ਇਹ ਗੱਲ ਨੂੰ ਸਵੀਕਾਰਦੇ ਹਨ ਕਿ ਭਵਿੱਖ ਦੇ ਲਈ ਅਜੇ ਵੀ ਕੁੱਝ ਪੁੱਟੇ ਹੋਏ ਰਸਤੇ ਹਨ ਜਿਨ੍ਹਾਂ ਦੇ ਰਾਹੀਂ ਦੇਸ਼ ਦੇ ਅੰਦਰ ਲੋਕ ਸਮੂਹਿਕ ਤੇ ਨਿਯੰਤਰਣ ਰੂਪ ਵਿਚ ਆ ਸਕਣਗੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲੀ ਚੀਜ਼ ਕਰਨ ਵਾਲੀ ਇਹ ਹੈ ਕਿ ਜਿਹੜੇ ਲੋਕ ਨਿਊਜ਼ੀਲੈਂਡ 'ਚ ਜ਼ਿੰਦਗੀ ਜਿਉਂਦਿਆਂ ਆਪਣੇ ਪਰਿਵਾਰਾਂ ਤੋਂ ਵੱਖਰੇ ਹੋ ਕੇ ਰਹਿ ਗਏ ਹਨ ਉਨ੍ਹਾਂ ਦੀ ਇਥੇ ਵਾਪਿਸੀ ਦੀ ਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਉੱਤੇ ਕੰਮ ਕਰ ਰਹੇ ਹਨ ਅਤੇ ਦੂਜਾ ਕੰਮ ਇਹ ਕਿ ਜਿਨ੍ਹਾਂ ਕੋਲ ਕਾਨੂੰਨੀ ਹੱਕ ਹੈ ਇੱਥੇ ਆ ਕੇ ਕੰਮ ਕਰਨ ਦਾ ਅਤੇ ਪੜ੍ਹਾਈ ਕਰਨ ਦਾ ਉਨ੍ਹਾਂ ਦੇ ਲਈ ਕੁੱਝ ਪ੍ਰਬੰਧ ਕਰਨਾ। ਕਿਸੇ ਦੇ ਵੀ ਇਥੇ ਪਰਤਣ ਉਤੇ 14 ਦਿਨਾਂ ਦਾ ਏਕਾਂਤਵਾਸ ਅਤੇ ਉਸਦੇ ਲਈ ਪੁਖਤਾ ਪ੍ਰਬੰਧ ਕਰਨੇ ਇਹ ਸਾਰੇ ਸਰਕਾਰ ਨੂੰ ਵੇਖਣੇ ਪੈ ਰਹੇ ਹਨ। ਇਕ ਸਵਾਲ ਦੇ ਜਵਾਬ ਵਿਚ ਕਿ ਵਿਦੇਸ਼ ਫਸੇ ਵਰਕ ਵੀਜਾ ਹੋਲਡਰ ਅਤੇ ਵਿਦਿਆਰਥੀ ਕਦੋਂ ਵਾਪਿਸ ਬੁਲਾਏ ਜਾ ਸਕਦੇ ਹਨ? ਤਾਂ ਇਸਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਮੰਤਰੀ ਇਸ ਉੱਤੇ ਕੰਮ ਕਰ ਰਹੇ ਹਨ ਅਤੇ ਕੈਬਿਨਟ ਦੇ ਸਾਹਮਣੇ ਇਹ ਕੇਸ ਜਲਦੀ ਆਵੇਗਾ। ਜਿਨ੍ਹਾਂ ਦੀਆਂ ਨੌਕਰੀ ਚਲੀਆਂ ਗਈਆਂ ਉਨ੍ਹਾਂ ਬਾਰੇ ਉਨ੍ਹਾਂ ਕਿਹਾ ਕਿ ਜਿੰਨ੍ਹਾਂ ਚਿਰ ਨੌਕਰੀਆ ਦੁਬਾਰਾ ਬਹਾਲ ਨਹੀਂ ਹੋ ਜਾਂਦੀਆਂ ਉਨ੍ਹਾਂ ਚਿਰ ਸਰਕਾਰ ਉਨ੍ਹਾਂ ਦੀ ਦੇਖਭਾਲ ਵਿਚ ਆਪਣਾ ਯੋਗਦਾਨ ਪਾ ਰਹੀ ਹੈ।