- ਲੋਕ ਘਬਰਾਉਣ ਨਾ ਪ੍ਰਸ਼ਾਸਨ ਵੱਲੋਂ ਕੋਰੋਨਾ ਨਾਲ ਨਿਪਟਣ ਲਈ ਪੂਰੇ ਪ੍ਰਬੰਧ
ਅੰਮ੍ਰਿਤਸਰ, 29 ਮਈ 2020 - ਅੰਮ੍ਰਿਤਸਰ ਜ਼ਿਲ੍ਹੇ ਅੱਜ ਕਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ ਇਨਾਂ ਵਿੱਚੋਂ 5 ਮਾਨਾਂਵਾਲਾ ਅਤੇ 5 ਬਾਬਾ ਬਾਕਲਾ ਅਤੇ 2 ਹੋਰ ਸਬੰਧਤ ਹਨ।
ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਹਿਮਾਂਸ਼ੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 374 ਕੋਰੋਨਾ ਦੇ ਮਰੀਜ਼ ਸਨ ਜਿੰਨਾਂ ਵਿੱਚੋਂ 307 ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ, 7 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 60 ਐਕਟਿਵ ਕੇਸ ਹਨ ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਪ੍ਰਸ਼ਾਸਨ ਸਿਹਤ ਵਿਭਾਗ ਦੀਆਂ ਸਲਾਹਾਂ ਤੇ ਅਮਲ ਕਰਦਿਆਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨ। ਉਨਾਂ ਨੇ ਅਪੀਲ ਕੀਤੀ ਕਿ ਬਾਰ ਬਾਰ ਹੱਥ ਸਾਫ ਕੀਤੇ ਜਾਣ, ਮਾਸਕ ਪਹਿਨਣ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ।
ਹਿਮਾਂਸ਼ੂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਰੋਨਾ ਪਾਜਟਿਵ ਦੇ ਸੰਪਰਕ ਵਿੱਚ ਆਏ ਲੋਕਾਂ ਨੂ ਏਕਾਂਤਵਾਸ ਕਰਕੇ ਉਨਾਂ ਦੇ ਨਮੂਨੇ ਜਾਂਚ ਲਈ ਭੇਜੇ ਜਾਣ ਅਤੇ ਕਿਸੇ ਤਰਾਂ ਦੀ ਅਣਗਹਿਲੀ ਨਾ ਕੀਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੰਨਾਂ ਇਲਾਕਿਆਂ ਵਿੱਚ ਕਰੋਨਾ ਦੇ ਕੇਸ ਪਾਏ ਜਾਂਦੇ ਹਨ, ਉਥੇ ਪੂਰੀ ਅਹਿਤਿਆਤ ਰੱਖੀ ਜਾਵੇ ਅਤੇ ਇਲਾਕੇ ਨੂੰ ਸੈਨੀਟਾਈਜ ਕਰਵਾਇਆ ਜਾਵੇ।
ਇਸ ਮੀਟਿੰਗ ਵਿੱਚ ਅੰਕੁਰਜੀਤ ਸਿੰਘ ਆਈ:ਏ:ਐਸ, ਸਰਤਾਜ ਸਿੰਘ ਚਾਹਲ, ਸੰਦੀਪ ਮਲਿਕ (ਦੋਵੇ ਏ:ਡੀ:ਸੀ:ਪੀ), ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ, ਜੁਗਲ ਕਿਸ਼ੋਰ ਸਿਵਲ ਸਰਜਨ, ਡਾ: ਮਦਨ ਮੋਹਨ, ਮੁਕੇਸ ਸ਼ਰਮਾ ਜਿਲਾ ਮਾਲ ਅਫਸਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।