ਅਸ਼ੋਕ ਵਰਮਾ
ਬਠਿੰਡਾ, 29 ਮਈ 2020 - ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਨਾਕਾਮ ਕਰਨ ਲਈ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਪ੍ਰਸ਼ਾਸ਼ਨ ਨੇ ਮਸ਼ਕਾਂ ਤੇਜ ਕਰ ਦਿੱਤੀਆਂ ਹਨ। ਮੌਜੂਦਾ ਵਕਤ ਇਸ ਸੰਕਟ ਲਈ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ। ਦੋਵਾਂ ਜ਼ਿਲ੍ਹਿਆਂ ਦੀ ਸਰਹੱਦ ਰਾਜਸਥਾਨ ਦੇ ਨਜ਼ਦੀਕ ਹੋਣ ਕਰਕੇ ਅਫਸਰ ਕੋਈ ਵੀ ਖਤਰਾ ਮੁੱਲ ਲੈਣਾ ਨਹੀਂ ਚਾਹੁੰਦੇ ਹਨ। ਅੱਜ ਬਠਿੰਡਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਰਹੱਦੀ ਪਿੰਡਾਂ ’ਚ ਮਮੁਸਤੈਦੀ ਵਧਾਈ ਹੈ ਤਾਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਐੱਮਕੇ ਅਰਵਿੰਦ ਕੁਮਾਰ ਨੇ ਕੰਦੂਖੇੜਾ ’ਚ ਸਥਿਤੀ ਦਾ ਜਾਇਜਾ ਲਿਆ ਤਾਂ ਲੰਬੀ ਹਲਕੇ ’ਚ ਐਸਡੀਐਮ ਮਲੋਟ ਸ੍ਰੀ ਗੋਪਾਲ ਸਿੰਘ ਨੇ ਟਿੱਡੀ ਦਲ ਨਾਲ ਟਾਕਰੇ ਦੀਆਂ ਤਿਆਰੀਆਂ ਲਈ ਮੌਕ ਡਰਿੱਲ ਦੀ ਅਗਵਾਈ ਕੀਤੀ ਜਦੋਂਕਿ ਜਿਲਾ ਖੇਤੀਬਾੜੀ ਅਫਸਰ ਜਲੌਰ ਸਿੰਘ, ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਅਤੇ ਪੁਲੀਸ ਅਫਸਰਾਂ ਸਮੇਤ ਪ੍ਰਸ਼ਾਸਕੀ ਅਮਲਾ ਮੌਜੂਦ ਰਿਹਾ। ਇਸ ਮੌਕੇ ਫਾਇਰ ਬਿ੍ਰਗੇਡ ਨੇ ਪਾਣੀ ਦੀਆਂ ਬੁਛਾੜਾਂ ਆਦਿ ਮਾਰ ਕੇ ਆਪਣੀ ਸਮਰੱਥਾ ਦਾ ਪ੍ਰਗਟਾਵਾ ਕੀਤਾ ਤਾਂ ਲੋਕਾਂ ਨੇ ਪੀਪੇ ਖੜਕਾ ਕੇ ਤਿਆਰੀ ਦਾ ਸਬੂਤ ਦਿੱਤਾ।
ਐਸਡੀਐਮ ਨੇ ਕਿਸਾਨਾਂ ਨੂੰ ਮੁਸਤੈਦੀ ਵਰਤਣ ਅਤੇ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਸਰਕਾਰੀ ਮੁਲਾਜ਼ਮ ਰਾਜਸਥਾਨ ਵਿਚ ਤਾਇਨਾਤ ਕੀਤੇ ਹੋਏ ਹਨ ਜੋਕਿ ਟਿੱਡੀ ਦਲ ਦੇ ਪੰਜਾਬ ਵੱਲ ਕੂਚ ਕਰਨ ‘ਤੇ ਪ੍ਰਸ਼ਾਸਨ ਨੂੰ ਜਾਣਕਾਰੀ ਦੇਣਗੇ। ਡਿਪਟੀ ਕਮਿਸ਼ਨਰ ਐਮ.ਕੇ ਅਰਾਵਿੰਦ ਕੁਮਾਰ ਨੇ ਕੰਦੂ ਖੇੜਾ ਤੋਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਜ਼ਿਲੇ ਅੰਦਰ ਟਿੱਡੀ ਦਲ ਦਾ ਕੋਈ ਖਤਰਾ ਨਹੀ ਹੈ।
ਉਨ੍ਹਾਂ ਕਿਹਾ ਕਿ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਨੂੰ ਟਿੱਡੀ ਦਲ ਤੋਂ ਫ਼ਸਲਾਂ ਨੂੰ ਹੋਣ ਵਾਲੇ ਨੁਕਸਾਨ ਲਈ ਪਹਿਲਾ ਤੋਂ ਢੁੱਕਵੇਂ ਪ੍ਰਬੰਧ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਪਰ ਕਿਸਾਨਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ। ਉਨਾਂ ਦੱਸਿਆ ਕਿ ਹਮਲੇ ਦੀ ਮਾਰ ਹੇਠ ਆਉਣ ਵਾਲੇ ਸੰਭਾਵਿਤ ਪਿੰਡ ’ਚ ਨੋਡਲ ਅਫ਼ਸਰ ਨਿਯੁਕਤ ਕੀਤੇ ਜਾ ਰਹੇ ਹਨ । ਉਨਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮਹਾਂਮਾਰੀ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਕਿਸਾਨਾਂ ਦੀ ਫ਼ਸਲਾਂ ਨੂੰ ਕੋਈ ਨੁਕਸਾਨ ਨਹੀ ਪਹੁੰਚਣ ਦੇਵੇਗਾ।
ਓਧਰ ਟਿੱਡੀ ਦਲ ਦੇ ਹਮਲੇ ਹਮਲੇ ਦੇ ਮੱਦੇਨਜ਼ਰ ਪੰਜਾਬ ਹਰਿਆਣਾ ਦੀ ਸਰਹੱਦ ਦੇ ਨਾਲ ਪੈਂਦੇ ਪਿੰਡਾਂ ਲਈ ਫਾਇਰ ਬਿ੍ਰਗੇਡ ਦੀਆਂ ਚਾਰ ਗੱਡੀਆਂ ਨੂੰ ਸਟੈਂਡ ਬਾਈ ਮੋਡ ਤੇ ਰੱਖਿਆ ਗਿਆ ਹੈ। ਹਰਿਆਣਾ ਦੀ ਡੱਬਵਾਲੀ ਸੀਮਾਂ ਤੇ ਇੱਥ ਖੇਤੀ ਵਿਕਾਸ ਅਫਸਰ ਨੂੰ ਕੀਟਨਾਸ਼ਕ ਦਵਾਈਆਂ ਦੀ ਖੇਪ ਨਾਲ ਤਾਇਨਾਤ ਕਰ ਦਿੱਤਾ ਗਿਆ ਹੈ।
ਕਿਸਾਨਾਂ ਨੇ ਵੀ ਠੀਕਰੀ ਪਹਿਰੇ ਸ਼ੁਰੂ ਕਰ ਦਿੱਤੇ ਹਨ ਜਦੋਂਕਿ ਟਿੱਡੀ ਦਲ ਦੇ ਫ਼ਸਲਾਂ ‘ਤੇ ਬੈਠਣ ਤੋਂ ਰੋਕਣ ਲਈ ਕਿਸਾਨਾਂ ਨੇ ਪਟਾਕਿਆਂ ਅਤੇ ਪੀਪਿਆਂ ਦਾ ਇੰਤਜਾਮ ਕਰ ਲਿਆ ਹੈ। ਰਾਜਸਥਾਨ ਦੇ ਖੇਤੀਬਾੜੀ ਅਧਿਕਾਰੀਆਂ ਦੀ ਟੀਮ ਨੇ ਵੀ ਡੱਬਵਾਲੀ ਦੇ ਨਾਲ ਲਗਦੇ ਇਲਾਕੇ ਵਿਚ ਡੇਰੇ ਲਗਾਏ ਹੋਏ ਹਨ। ਪੰਜਾਬ ਦੇ ਖੇਤੀ ਅਧਿਕਾਰੀਆਂ ਵੱਲੋਂ ਹਰਿਆਣਾ ਅਤੇ ਰਾਜਸਥਾਨ ਦੇ ਅਫਸਰਾਂ ਕੋਲੋਂਂ ਪਲ ਪਲ ਦੀ ਜਾਣਕਾਰੀ ਲਈ ਜਾ ਰਹੀ ਹੈ। ਖੇਤੀ ਵਿਕਾਸ ਅਫਸਰ ਅਸ਼ਮਾਨਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਹਮਲੇ ਦੀ ਸੰਭਾਵਨਾ ਬਿਲਕੁਲ ਨਾਂ ਹੋਣ ਦੇ ਬਾਵਜੂਦ ਉਨਾਂ ਵੱਲੋਂ ਪਰੀ ਚੌਕਸੀ ਵਰਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹਮਲੇ ਨਾਲ ਨਜਿੱਠਣ ਲਈ ਹੋਰਨਾਂ ਵਿਭਾਗਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਿੱਡੀਆਂ ’ਤੇ ਛਿੜਕਾਅ ਕਰਨ ਲਈ ਕੋਲੋਰੋਪੈਰੀਫਾਸ ਤੇ ਕਰਾਏ ਦਵਾਈ ਦਾ ਸਟਾਕ ਵੀ ਖੇਤੀਬਾੜੀ ਵਿਭਾਗ ਕੋਲ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਰਾਹਤ ਵਾਲੀ ਇਹੋ ਗੱਲ ਹੈ ਕਿ ਹਵਾ ਦਾ ਰੁੱਖ ਤਬਦੀਲ ਹੋਣ ਕਾਰਨ ਕਾਫੀ ਹੱਦ ਤੱਕ ਖਤਰਾ ਟਲ ਗਿਆ ਹੈ। ਦੱਸਣਯੋਗ ਹੇ ਕਿ ਕੇਂਦਰ ਸਰਕਾਰ ਨੇ ਇਸ ਸੰਭਾਵੀ ਹਮਲੇ ਦੇ ਮੱਦੇਨਜ਼ਰ ਵਿਆਪਕ ਪ੍ਰਬੰਧ ਕਰਨ ਦੀ ਹਦਾਇਤ ਜਾਰੀ ਕੀਤੀ ਹੋਈ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਬਠਿੰਡਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ, ਅੰਮਿ੍ਰਤਸਰ, ਗੁਰਦਾਸਪੁਰ ਅਤੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਟਿੱਡੀ ਦਲ ਦੇ ਸੰਭਾਵੀ ਹੱਲੇ ਤੋਂ ਜਾਣੂ ਕਰਾਉਂਦਿਆਂ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਬਣਾਉਣ ਅਤੇ ਮਾਲ ਵਿਭਾਗ ਤੇ ਖੇਤੀ ਵਿਭਾਗ ਦੀਆਂ ਟੀਮਾਂ ਸਰਵੇ ਟੀਮਾਂ ਬਣਾਉਣ ਲਈ ਕਿਹਾ ਗਿਆ ਹੈ। ਪੰਚਾਇਤਾਂ ਨੂੰ ਇਸ ਤੋਂ ਜਾਣੂ ਕਰਾਕੇ ਜਾਗਰੂਕ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ।