ਅਸ਼ੋਕ ਵਰਮਾ
ਬਠਿੰਡਾ, 31 ਮਈ 2020 - ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਵੱਲੋਂ ਜ਼ੇਰੇ ਇਲਾਜ ਪ੍ਰੋਫੈਸਰ ਪਰਵਾਰਾ ਰਾਓ ਨੂੰ ਜੇਲ੍ਹ 'ਚੋਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਜਾਰੀ ਪ੍ਰੈੱਸ ਨੋਟ ਵਿੱਚ ਇਕਾਈ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਅਤੇ ਪ੍ਰੈਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਸਾਹਮਣੇ ਆਇਆ ਹੈ ਕਿ ਪ੍ਰੋਫੈਸਰ ਵਰਾਵਰਾ ਰਾਓ ਨੂੰ ਪੁਲਿਸ ਨੇ ਚੁੱਪ ਚੁਪੀਤੇ ਤਾਲੋਜਾ ਜੇਲ੍ਹ ਤੋਂ ਜੇਜੇ ਹਸਪਤਾਲ ਮੁੰਬਈ ਵਿਚ ਦਾਖ਼ਲ ਕਰਵਾਇਆ ਹੈ ਜੋਕਿ ਬੇਹੱਦ ਫ਼ਿਕਰਮੰਦੀ ਵਾਲੀ ਖਬਰ ਹੈ।
ਪ੍ਰੋਫੈਸਰ ਵਰਾਵਰਾ ਰਾਓ ਨੂੰ ਜੇਲ੍ਹ ਤੋਂ ਹਸਪਤਾਲ ਸ਼ਿਫ਼ਟ ਕੀਤਾ ਗਿਆ ਹੈ ਕਿਉਂਕਿ ਉਹ ਜੇਲ੍ਹ ਵਿਚ ਬੇਹੋਸ਼ ਹੋ ਕੇ ਡਿੱਗ ਗਏ ਸਨ। ਉਨ੍ਹਾਂ ਦੱਸਿਆ ਕਿ ਜੇਜੇ ਹਸਪਤਾਲ ਦੇ ਹੈਲਥ ਬੁਲਿਟਨ ਨੇ ਸਾਰੀਆਂ ਅਹਿਮ ਰਿਪੋਰਟਾਂ ਭਾਵੇਂ ਨਾਰਮਲ ਦੱਸੀਆਂ ਹਨ। ਜਦੋਂ ਕਿ ਇਕ ਹੋਰ ਖ਼ਬਰ ਅਨੁਸਾਰ ਉਹ ਤਿੰਨ ਦਿਨ ਤੋਂ ਤਲੋਜਾ ਜੇਲ ਦੇ ਹਸਪਤਾਲ ਵਿਚ ਦਾਖ਼ਲ ਸਨ ਅਤੇ ਤੇਲੰਗਾਨਾ ਪੁਲਿਸ ਨੇ ਬਿਆਨ ਦਿੱਤਾ ਹੈ ਕਿ ਉਹ ਪਰਿਵਾਰ ਦੇ ਮੁੰਬਈ ਜਾਣ ਦਾ ਇੰਤਜ਼ਾਮ ਕਰਨਗੇ।
ਉਨ੍ਹਾਂ ਆਖਿਆ ਕਿ ਪਰਿਪ੍ਰੀਵਾਰ ਨੇ ਕੇਂਦਰ ਸਰਕਾਰ, ਮਹਾਰਾਸ਼ਟਰ ਤੇ ਤੇਲੰਗਾਨਾ ਸਰਕਾਰਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਪਰਿਵਾਰ ਮੈਂਬਰਾਂ ਨੂੰ ਵਰਵਰਾ ਰਾਓ ਦੀ ਸਿਹਤ ਦੀ ਅਸਲ ਹਾਲਤ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਉਹਨਾਂ ਨਾਲ ਤੁਰੰਤ ਵੀਡੀਓ ਕਾਨਫਰੰਸਿੰਗ ਕਰਵਾਈ ਜਾਵੇ। ਸਭਾ ਦੇ ਆਗੂਆਂ ਨੇ ਕਿਹਾ ਕਿ ਵਰਵਰਾ ਰਾਓ ਕਿਉਂਕਿ ਪਹਿਲਾਂ ਹੀ ਝੂਠੇ ਕੇਸ ਤਹਿਤ ਅਤੇ ਬਿਨਾਂ ਮੁਕੱਦਮਾ ਚਲਾਏ 18 ਮਹੀਨੇ ਜੇਲ੍ਹ ਵਿਚ ਰਹਿ ਚੁੱਕੇ ਹਨ ਇਸ ਲਈ ਉਹਨਾਂ ਨੂੰ ਇਲਾਜ ਲਈ ਤੁਰੰਤ ਜ਼ਮਾਨਤ ਦੇ ਕੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉਹਨਾਂ ਦੇ ਬੇਹੋਸ਼ ਹੋ ਕੇ ਡਿੱਗਣ ਦੇ ਕਾਰਨ ਪਤਾ ਲਾਉਣ ਲਈ ਉਹਨਾਂ ਦੀ ਮਾਹਰ ਡਾਕਟਰਾਂ ਦੀ ਟੀਮ ਵਲੋਂ ਭਰਵੀਂ ਮੈਡੀਕਲ ਜਾਂਚ ਕਰਵਾਈ ਜਾਵੇ ਕਿਉਂਕਿ ਉਹ ਪਹਿਲਾਂ ਹੀ ਬਹੁਤ ਸਾਰੀਆਂ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ। ਆਗਆਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕੌਮੀ ਜਾਂਚ ਏਜੰਸੀ ਨੂੰ ਇਸ ਸੰਬੰਧ ਵਿਚ ਦਿਸ਼ਾ-ਨਿਰਦੇਸ਼ ਦੇਣ ਲਈ ਆਖਿਆ ਜਿਸ ਦਾ ਵਰਵਰਾ ਰਾਓ ਅਤੇ ਹੋਰ ਸਹਿ-ਮੁਲਜ਼ਮਾਂ ਪ੍ਰਤੀ ਵਤੀਰਾ ਖ਼ਾਸ ਤੌਰ ‘ਤੇ ਕਥਿਤ ਬਦਲਾ ਲਊ ਹੈ। ਸਭਾ ਨੇ ਵਰਵਰਾ ਰਾਓ ਦੇ 1969 ਤੋਂ ਲੈ ਕੇ ਇਨਕਲਾਬੀ ਲਹਿਰ ਵਿੱਚ ਸ਼ਾਮਲ ਰਹੇ ਹੋਣ ਕਾਰਨ ਉਹਨਾਂ ਦੀ ਸਿਹਤ, ਰਾਜ਼ੀਖੁਸ਼ੀ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਤੇਲੰਗਾਨਾ ਸਰਕਾਰ ਨੂੰ ਲੈਣ ਦੀ ਮੰਗ ਕੀਤੀ ਹੈ।