ਅਸ਼ੋਕ ਵਰਮਾ
ਬਠਿੰਡਾ, 5 ਜੂਨ 2020 - ਬਠਿੰਡਾ-ਮਾਨਸਾ ਸੜਕ ‘ਤੇ ਅੱਜ ਕਚਰਾ ਪਲਾਂਟ ਨਜ਼ਦੀਕ ਵਕਫ਼ ਬੋਰਡ ਦੀ ਜਮੀਨ ਤੇ ਪ੍ਰਸ਼ਾਸਨ ਨੇ ਬੁਲਡੋਜਰ ਚਲਾ ਦਿੱਤਾ ਅਤੇ ਕਰੀਬ 10 ਏਕੜ ’ਚ ਖੜੀਆਂ ਫਸਲਾਂ ਤੇ ਸਬਜੀਆਂ ਆਦਿ ਉਜਾੜ ਦਿੱਤੀਆਂ। ਜ਼ਮੀਨ ਤੇ ਕਾਬਜ ਲੋਕਾਂ ਨੇ ਅਫਸਰਾਂ ਅੱਗੇ ਦੁਹਾਈਆਂ ਦਿੱਤੀਆਂ ਪਰ ਉਨਾਂ ਦੀ ਇੱਕ ਨਾ ਸੁਣੀ। ਅਧਿਕਾਰੀਆਂ ਨੇ ਆਖਿਆ ਕਿ ਵਕਫ ਬੋਰਡ ਦੀ ਜ਼ਮੀਨ ਦੀ ਲੀਜ਼ ਨਹੀਂ ਭਰੀ ਜਿਸ ਕਰਕੇ ਇੲ ਕਾਰਵਾਈ ਕੀਤੀ ਗਈ ਹੈ। ਅੱਜ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ’ਚ ਅੱਧੀ ਦਰਜਨ ਜੇਸੀਬੀ ਮਸ਼ੀਨਾਂ ਅਤੇ ਟਰੈਕਟਰਾਂ ਨੇ ਦੇਖਦਿਆਂ ਹੀ ਦੇਖਦਿਆਂ ਜ਼ਮੀਨ ਪੱਧਰੀ ਕਰ ਦਿੱਤੀ।
ਇਸ ਮੌਕੇ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਨਗਰ ਨਿਗਮ ਦੇ ਐਸਈ ਸੰਦੀਪ ਗੁਪਤਾ, ਕਿਸ਼ੋਰ ਬਾਂਸਲ ਐਕਸੀਅਨ ਦਵਿੰਦਰ ਜੌੜਾ ਅਤੇ ਪੁਲਿਸ ਦੇ ਕਈ ਅਧਿਕਾਰ ਆਏ ਤਾਂ ਲੀਜ਼ ਤੇ ਜ਼ਮੀਨ ਲੈਣ ਵਾਲਿਆਂ ਨੇ ਭਾਰੀ ਵਿਰੋਧ ਕੀਤਾ ਜਤਾਇਆ ਜਿਨ੍ਹਾਂ ਨਾਲ ਪੁਲਿਸ ਨੇ ਧੱਕਾ ਮੁੱਕੀ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਿੰਨ ਜਣਿਆਂ ਨੂੰ ਹਿਰਾਸਤ ’ਚ ਵੀ ਲੈ ਲਿਆ ਹੈ। ਲੋਕਾਂ ਨੇ ਦੱਸਿਆ ਕਿ ਇਸ ਜ਼ਮੀਨ ਨੂੰ ਲੀਜ਼ ‘ਤੇ ਲੈਣ ਦਾ ਮਾਮਲਾ ਟ੍ਰਿਬਿਊਨਲ ਅੱਗੇ ਰੱਖਿਆ ਗਿਆ ਹੈ। ਅਧਿਕਾਰੀ ਆਖਦੇ ਹਨ ਕਿ ਇਨ੍ਹਾਂ ਲੋਕਾਂ ਵਲੋਂ ਹੀ ਇਸ ਦੀ ਲੀਜ਼ ਨਹੀਂ ਭਰੀ ਗਈ ਹੈ ਜਿਸ ਕਰਕੇ ਪ੍ਰਸ਼ਾਸ਼ਨ ਨੂੰ ਟ੍ਰਿਬਿਊਨਲ ਕੋਲ ਜਾਣਾ ਪਿਆ ਹੈ।
ਬਲਜੀਤ ਕੌਰ ਅਤੇ ਪਰਮਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਲਗਾਤਾਰ ਵਕਫ਼ ਬੋਰਡ ਦੀ 10 ਏਕੜ ਜ਼ਮੀਨ ਲੀਜ਼ ‘ਤੇ ਲੈਂਦੇ ਆ ਰਹੇ ਹਨ ਪਰ ਅੱਜ ਪ੍ਰਸ਼ਾਸਨ ਨੇ ਅਚਾਨਕ ਭਾਰੀ ਪੁਲਿਸ ਫ਼ੋਰਸ ਲਿਆ ਕੇ ਉਨ੍ਹਾਂ ਦੀਆਂ ਫ਼ਸਲਾਂ ਅਤੇ ਸਬਜ਼ੀਆਂ ਵਾਹ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਉਨਾਂ ਨੂੰ ਕੋਈ ਕਾਗਜ ਪੱਤਰ ਵੀ ਨਹੀਂ ਦਿਖਾਇਆ ਗਿਆ ਹੈ। ਰਵਿੰਦਰ ਸਿੰਘ ਨੇ ਕਿਹਾ ਕਿ ਇਹ ਸਰਾਸਰ ਧੱਕੇਸ਼ਾਹੀ ਹੈ ਜੋ ਕਾਂਗਰਸ ਦੇ ਰਾਜ ’ਚ ਕੀਤੀ ਜਾ ਰਹੀ ਹੈ ਜਦੋਂਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਉਹ ਬਾਹਰ ਹਨ। ਪਰ ਉਸ ਦੀ ਪਤਨੀ ਬਲਜੀਤ ਕੌਰ, ਮੁਲਾਜਮ ਗੁਰਸੇਵਕ ਸਿੰਘ ਤੇ ਹਰਦੀਪ ਸਿੰਘ ਨੂੰ ਬਿਨਾ ਗੱਲੋਂ ਪੁਲਿਸ ਲੈ ਗਈ ਹੈ। ਉਨਾਂ ਕਿਹਾ ਕਿ ਉਹ ਵਕਫ਼ ਬੋਰਡ ਦੀ ਲੀਜ਼ ਭਰਨ ਗਏ ਸਨ ਪਰ ਉਨਾ ਤੋਂ ਭਰਵਾਈ ਹੀ ਨਹੀਂ ਗਈ । ਉਨ੍ਹਾਂ ਕਿਹਾ ਕਿ ਜ਼ਮੀਨ ਦਾ ਮਾਮਲਾ ਟ੍ਰਿਬਿਊਨਲ ਕੋਰਟ ਵਿੱਚ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਉਨਾਂ ਨਾਲ ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ ਸੀ।
ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਹੈ ਬਲਕਿ ਉਹ ਆਪਣੀ ਡਿਊਟੀ ਕਰ ਰਹੇ ਹਨ। ਦੱਸਿਆ ਕਿ ਸਾਲ 2014 ’ਚ ਇਸ ਜਗਾ ਦੀ ਲੀਜ਼ ਖ਼ਤਮ ਹੋ ਚੁੱਕੀ ਹੈ ਅਤੇ ਵਕਫ ਬੋਰਡ ਕੋਲ ਜਮਾਂ ਨਹੀਂ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਬਰਸਾਤੀ ਪਾਣੀ ਦੀ ਸਮੱਸਿਆ ਗੰਭੀਰ ਹੋਣ ਕਰਕੇ ਅਜਿਹੀਆਂ ਥਾਵਾਂ ਲੱਭੀਆਂ ਜਾ ਰਹੀਆਂ ਹਨ, ਜਿੱਥੇ ਉਹ ਪਾਣੀ ਸੁੱਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਵਕਫ਼ ਬੋਰਡ ਤੋਂ ਇਹ ਜ਼ਮੀਨ ਲੀਜ਼ ਤੇ ਲਈ ਹੈ ਜਿਸ ਨੂੰ ਵੀ ਹੁਣ ਪਾਣੀ ਸਟੋਰ ਕਰਨ ਲਈ ਵਰਤਿਆ ਜਾਏਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਇਸ ਥਾਂ ਤੇ ਟੈਂਕ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ 'ਤੇ ਕੋਈ ਸਟੇਅ ਵਗੈਰਾ ਨਹੀਂ ਹੈ।