ਮਨਿੰਦਰਜੀਤ ਸਿੱਧੂ
- ਮੁਹੰਮਦ ਸਦੀਕ ਨੇ ਪਿੰਡ ਚੈਨਾ ਦਾ 66 ਕੇ.ਵੀ. ਗਰਿੱਡ ਨੂੰ ਕਰਵਾਇਆ ਅਪਗ੍ਰੇਡ
ਜੈਤੋ, 17 ਜੂਨ 2020 - ਲਾਕਡਾਊਨ ਖਤਮ ਹੁੰਦਿਆਂ ਸਾਰ ਹੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਜੈਤੋ ਹਲਕੇ ਵਿੱਚ ਵਿਕਾਸ ਦੇ ਕੰਮ ਵਿੱਚ ਤੇਜੀ ਲਿਆਂਦੀ ਹੈ। ਉਹ ਆਪਣੀ ਸਪੁੱਤਰੀ ਬੀਬਾ ਜਾਵੇਦ ਅਖਤਰ ਨਾਲ ਜੈਤੋ ਹਲਕੇ ਦੇ ਲੋਕਾਂ ਦੀਆਂ ਚਿਰਾਂ ਤੋਂ ਅਟਕੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਹਨ। ਪਿਛਲੇ ਦਿਨੀ ਉਹਨਾਂ ਵੱਲੋਂ ਜੈਤੋ ਹਲਕੇ ਦੀਆਂ ਵੱਖ-ਵੱਖ ਸੜਕਾਂ ਦੇ ਨਵ-ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਅੱਜ ਐਮ.ਪੀ. ਮੁਹੰਮਦ ਸਦੀਕ ਵੱਲੋਂ ਨੇੜਲੇ ਪਿੰਡ ਚੈਨਾ ਵਿਖੇ ਬਿਜਲੀ ਦੇ 66 ਕੇ.ਵੀ. ਗਰਿੱਡ ਨੂੰ ਅਪਗ੍ਰੇਡ ਕਰਨ ਦਾ ਉਦਘਾਟਨ ਆਪਣੇ ਕਰ-ਕਮਲਾ ਨਾਲ ਕੀਤਾ। ਇਸ ਮੌਕੇ ਸਦੀਕ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗਰਿੱਡ ‘ਚ ਦੋ ਨਵੇਂ ਬ੍ਰੇਕਰ ਲਗਾਏ ਗਏ ਹਨ, ਜਿਨ੍ਹਾਂ ‘ਤੇ ਤਕਰੀਬਨ 8 ਲੱਖ ਰੁਪਏ ਖਰਚ ਹੋਏ ਹਨ। ਇਨ੍ਹਾਂ ਬ੍ਰੇਕਰਾਂ ਦੇ ਲੱਗਣ ਨਾਲ ਲੋਕਾਂ ਨੂੰ ਬਿਜਲੀ ਸਪਲਾਈ ਨਾਲ ਸਬੰਧਿਤ ਜੋ ਸਮੱਸਿਆਵਾਂ ਆਉਂਦੀਆਂ ਸਨ, ਹੁਣ ਉਹਨਾਂ ਤੋਂ ਰਾਹਤ ਮਿਲੇਗੀ।
ਇਸ ਮੌਕੇ ਬੀਬਾ ਜਾਵੇਦ ਅਖਤਰ ਨੇ ਕਿਹਾ ਕਿ ਜੈਤੋ ਹਲਕੇ ਦੇ ਲੋਕਾਂ ਦੀ ਸਮੱਸਿਆ ਨੂੰ ਅਸੀਂ ਆਪਣੀ ਸਮੱਸਿਆ ਸਮਝਦੇ ਹਾਂ।ਉਹਨਾਂ ਕਿਹਾ ਜੈਤੋ ਹਲਕੇ ਲਈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ ਜੈਤੋ ਹਲਕੇ ਵਿੱਚ ਗਰਾਂਟਾਂ ਦੇ ਗੱਫੇ ਆਉਣ ਵਾਲੇ ਹਨ ਜਿਨ੍ਹਾਂ ਨੂੰ ਵਿਕਾਸ ਦੇ ਕੰਮਾਂ ਉੱਪਰ ਖਰਚਿਆ ਜਾਵੇਗਾ। ਇਸ ਮੌਕੇ ਐਸ.ਐਸ.ਈ. ਪਲਵੀ ਗੁਪਤਾ, ਐਕਸੀਅਨ ਤਰਲੋਚਨ ਸਿੰਘ ਅਤੇ ਐਕਸੀਅਨ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਚੈਨਾ ਦੇ ਗਰਿੱਡ ਉੱਪਰ ਚੈਨਾ, ਕਰੀਰਵਾਲੀ, ਬਿਸ਼ਨੰਦੀ, ਬਰਕੰਦੀ, ਰਾਮੇਆਣਾ, ਰੋੜੀਕਪੂਰਾ ਆਦਿ ਪਿੰਡਾਂ ਨੂੰ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ।
ਆਮ ਤੌਰ ਤੇ ਹੀ ਲੋਡ ਵਧ ਜਾਣ ਕਰਕੇ ਸਪਲਾਈ ਵਿੱਚ ਵਿਘਨ ਪੈ ਜਾਂਦਾ ਸੀ। ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਨਵੇਂ ਬ੍ਰੇਕਰ ਲੱਗਣਾ ਨਾਲ ਹੁਣ ਕਾਫੀ ਹੱਦ ਤੱਕ ਸੁਧਾਰ ਹੋਵੇਗਾ ਅਤੇ ਲੋਕਾਂ ਨੂੰ ਰਾਹਤ ਵੀ ਮਿਲੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਸੰਜੀਵ ‘ਰਾਜਾ ਭਾਰਦਵਾਜ, ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਦੀ ਟਰੱਕ ਆਪੇ੍ਰਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ ਰਾਮੇਆਣਾ, ਪ੍ਰਦੀਪ ਗਰਗ ਮਲੋਟ ਵਾਲੇ, ਸੀਨੀਅਰ ਕਾਂਗਰਸੀ ਆਗੂ ਮੇਹਰ ਸਿੰਘ ਕਰੀਰਵਾਲੀ, ਸਤਪਾਲ, ਨੰਬਰਦਾਰ ਮਨਜੀਤ ਸਿੰਘ ਆਦਿ ਹਾਜ਼ਰ ਸਨ।