ਮਨਿੰਦਰਜੀਤ ਸਿੱਧੂ
ਜੈਤੋ , 19 ਜੂਨ 2020 - ਅੱਜ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਦੀ ਸਰਪੰਚ ਗੁਰਬਿੰਦਰ ਕੌਰ ਵੱਲੋਂ ਪਿੰਡ ਵਿਚਲੇ ਛੱਪੜ ਨੂੰ ਖਾਲੀ ਕਰਵਾ ਕੇ ਡੂੰਘਾ ਕਰਵਾਉਣ ਦਾ ਕੰਮ ਚਾਲੂ ਕਰਵਾਇਆ ਗਿਆ ਹੈ। ਪਿੰਡ ਦੇ ਛੱਪੜ ਵਿੱਚ ਪਾਣੀ ਜਿਆਦਾ ਭਰ ਜਾਣ ਕਾਰਨ ਗੰਦਾ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਸੀ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਸੀ। ਲੋਕਾਂ ਦੇ ਘਰਾਂ ਵਿੱਚ ਚਲਾ ਜਾਂਦਾ ਸੀ। ਪਿੰਡ ਦੇ ਕਈ ਲੋਕਾਂ ਦੇ ਘਰ ਦੀਆਂ ਨੀਹਾਂ ਵਿੱਚ ਪਾਣੀ ਪੈ ਜਾਣ ਕਾਰਨ ਪਾਟ ਗਏ ਹਨ ਅਤੇ ਕਈ ਢਹਿ ਵੀ ਗਏ ਹਨ। ਜਿਸਨੂੰ ਦੇਖਦੇ ਹੋਏ ਅੱਜ ਸਮੂਹ ਗ੍ਰਾਮ ਪੰਚਾਇਤ ਵੱਲੋਂ ਛੱਪੜ ਖਾਲੀ ਕਰਕੇ ਜੇ.ਸੀ.ਬੀ. ਲਗਾ ਕੇ ਡੂੰਘਾ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸ ਮੌਕੇ ਪਿੰਡ ਦੇ ਨੌਜਵਾਨ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਆ ਰਹੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਛੱਪੜ ਨੂੰ ਡੂੰਘਾ ਕੀਤਾ ਜਾ ਰਿਹਾ ਹੈ।ਪਿੰਡ ਦੇ ਛੱਪੜ ਦੀ ਪਿਛਲੇ 30 ਸਾਲਾਂ ਤੋਂ ਸਫ਼ਾਈ ਨਹੀਂ ਸੀ ਹੋਈ ਜਿਸ ਕਰਕੇ ਗੰਦਗੀ ਪੈਦਾ ਹੋ ਗਈ ਸੀ। ਉਹਨਾਂ ਕਿਹਾ ਕਿ ਪੰਚਾਇਤ ਵੱਲੋਂ ਇੱਕ-ਇੱਕ ਕਰਕੇ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਚ ਬੂਟਾ ਸਿੰਘ ਬਰਾੜ, ਪੰਚ ਹਰਚੰਦ ਸਿੰਘ ਕੰਦੀ, ਪੰਚ ਗੁਰਸੇਵਕ ਸਿੰਘ, ਪੰਚ ਜਾਸ਼ੀਨ ਸ਼ਾਹ, ਪੰਚ ਰਜਿੰਦਰ ਸਿੰਘ, ਪੰਚ ਬਲਜੀਤ ਕੌਰ ਆਦਿ ਹਾਜਰ ਸਨ।