ਹਰਜਿੰਦਰ ਸਿੰਘ ਭੱਟੀ
- ਸਾਵਧਾਨੀਆਂ ਵਰਤ ਕੇ ਹੀ ਕੋਰੋਨਾ ਵਾਇਰਸ ਤੋਂ ਕੀਤਾ ਜਾ ਸਕਦਾ ਹੈ ਬਚਾਅ
- ਵਾਰ ਵਾਰ ਹੱਥ ਧੋਣ, ਮਾਸਕ ਪਾਉਣ ਤੇ ਸਮਾਜਿਕ ਵਿੱਥ ਰੱਖਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ
ਐਸ.ਏ.ਐਸ. ਨਗਰ, 10 ਜੁਲਾਈ 2020 - ਮਿਸ਼ਨ ਫ਼ਤਿਹ ਤਹਿਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਘਰ ਘਰ ਜਾ ਕੇ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬਲਾਕ ਮਾਜਰੀ ਵਿਖੇ ਆਂਗਣਵਾੜੀ ਵਰਕਰਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਮਿਸ਼ਨ ਫਤਹਿ ਤਹਿਤ ਪੰਜਾਬ ਸਰਕਾਰ ਵੱਲੋਂ ਜਾਗਰੂਕਤਾ ਪੈਂਫਲੈਟ ਵੀ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਆਂਗਨਵਾੜੀ ਵਰਕਰਾਂ, ਸਿਹਤ ਵਰਕਰਾਂ, ਪੰਚਾਂ ਤੇ ਸਰਪੰਚਾਂ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਮਾਸਕ ਪਾਉਣ ਅਤੇ ਸਮਾਜਿਕ ਵਿੱਥ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਦੇ ਨਾਲ ਨਾਲ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀਆਂ ਵਰਤ ਕੇ ਹੀ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਪ੍ਰੋਗਰਾਮ ਤਹਿਤ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਵਿਸ਼ੇਸ਼ ਬੈਜ ਲਾ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾ ਰਹੀ ਹੈ ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਫ਼ਤਿਹ ਤਹਿਤ ਕੋਵਾ ਐਪ ਡਾਊਨਲੋਡ ਕਰ ਕੇ ਉਸ ਵਿੱਚ ਮਿਸ਼ਨ ਫ਼ਤਿਹ ਜੁਆਇਨ ਕਰਨ ਤੇ ਇਸ ਮਿਸ਼ਨ ਦੀ ਕਾਮਯਾਬੀ ਲਈ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ।