ਮਨਿੰਦਰਜੀਤ ਸਿੱਧੂ
ਜੈਤੋ, 10 ਜੁਲਾਈ 2020 - ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਤੱਕ 11141 ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ। ਅੱਜ ਪ੍ਰਾਪਤ ਨਤੀਜਿਆਂ ਵਿੱਚ ਗਊਸ਼ਾਲਾ ਰੋਡ ਜੈਤੋ ਦੇ ਪਹਿਲਾਂ ਕੋਰੋਨਾ ਪਾਜ਼ੀਟਿਵ ਆਈ ਔਰਤ ਦੀ 8 ਸਾਲਾ ਬੇਟੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਜ਼ਿਲ੍ਹੇ ਦੇ 107 ਵਿਅਕਤੀ ਕੋਰੋਨਾ ਤੋਂ ਤੰਦਰੁਸਤ ਹੋ ਚੱਕੇ ਹਨ।
ਹਾਲ ਹੀ ਵਿੱਚ ਪਾਜ਼ੀਟਿਵ ਆਏ ਮਰੀਜ਼ ਨੂੰ ਆਈਸੋਲੇਸ਼ੇਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਹੁਣ ਜ਼ਿਲ੍ਹੇ ਵਿੱਚ ਕੋਰੋਨਾ ਦੇ ਐਕਟਿਵ ਕੇਸ 41 ਹੋ ਗਏ ਹਨ।ਸਿਵਲ ਸਰਜਨ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਲਾਪਰਵਾਹੀ ਨਾ ਵਰਤਣ ਅਤੇ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਤੇ ਅਡਵਾਇਜ਼ਰੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ,ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਸੈਂਪਲਿੰਗ ਲਈ ਜ਼ਿਲੇ ਅੰਦਰ 5 ਫਲੂ ਕਾਰਨਰ ਜੈਤੋ, ਬਾਜਾਖਾਨਾ, ਕੋਟਕਪੂਰਾ, ਸਾਦਿਕ ਅਤੇ ਫਰੀਦਕੋਟ ਸਥਾਪਿਤ ਕੀਤੇ ਗਏ ਹਨ, ਸ਼ੱਕ ਦੂਰ ਕਰਨ ਲਈ ਕੋਈ ਵੀ ਕੋਰੋਨਾ ਸੈਂਪਲ ਦੇ ਸਕਦਾ ਹੈ। ਉਨ੍ਹਾਂ ਕਿਹਾ ਵਿਭਾਗ ਵੱਲੋਂ ਕੋਰੋਨਾ ਜਗਰੂਕਤਾ ਸਰਗਰਮੀਆਂ ਹੋਰ ਤੇਜ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਜਾਰੀ ਕੋਰੋਨਾ ਜਾਗਰੂਕਤਾ ਸਮੱਗਰੀ ਜਨਤਕ ਸਥਾਨਾਂ ਤੇ ਪ੍ਰਦਰਸ਼ਿਤ ਅਤੇ ਹਸਪਤਾਲਾਂ ਵਿੱਚ ਇਲਾਜ ਲਈ ਆ ਰਹੇ ਮਰੀਜ਼ਾਂ ਨੂੰ ਤਕਸੀਮ ਕੀਤੀ ਜਾ ਰਹੀ ਹੈ।ਘਰ ਤੋਂ ਬਾਹਰ ਜਾਣ ਲੱਗਿਆ ਹਰ ਸਾਵਧਾਨੀ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਿਲ ਕਰ ਲਓ ਮਾਸਕ ਨਾਲ ਨੱਕ ਤੇ ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਵਾਰ-ਵਾਰ ਹੱਥ ਧੋਣਾ ਜਾਂ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਨਾ ਭੁੱਲੋ।ਉਨਾ ਦੱਸਿਆ ਕਿ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਵਿਭਾਗ ਵੱਲੋਂ ਵਿਸ਼ੇਸ਼ ਸਰਵੇ ਘਰ-ਘਰ ਨਿਗਰਾਨੀ ਚੱਲ ਰਿਹਾ ਹੈ,ਕੋਰੋਨਾ ਦੀ ਰੋਕਥਾਮ ਲਈ ਵਿਭਾਗ ਵੱਲੋਂ 94 ਸ਼ੱਕੀ ਮਰੀਜ਼ਾਂ ਦੇ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ।ਉਨਾਂ ਕਿਹਾ ਕਿ ਪਾਜ਼ੀਟਿਵ ਆਏ ਕੇਸ ਦੇ ਸੰਪਰਕ ਵਿੱਚ ਆਏ ਹੋਰ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨਾਂ ਦੇ ਸੈਂਪਲ ਇਕੱਤਰ ਕਰਕੇ ਉਨਾਂ ਨੂੰ ਇਕਾਂਤਵਾਸ ਕੀਤਾ ਜਾ ਸਕੇ।ਉਨਾਂ ਅਫਵਾਹਾਂ ਤੋਂ ਬਚਣ ਅਤੇ ਸਹੀ ਜਾਣਕਾਰੀ ਲਈ ਕੋਵਾ ਪੰਜਾਬ ਐਪ ਡਾਉਨਲੋਡ ਕਰਨ ਦੀ ਅਪੀਲ ਵੀ ਕੀਤੀ।