ਤਰਨਤਾਰਨ, 10 ਜੁਲਾਈ 2020 - ਸੀ.ਆਈ.ਏ. ਸਟਾਫ ਤਰਨਤਾਰਨ ਨੇ ਮੋਟਰ ਸਾਈਕਲ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਕੋਲੋਂ ਚੋਰੀ ਦੇ 8 ਮੋਟਰ ਸਾਈਕਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. (ਆਈ) ਕਮਲਜੀਤ ਸਿੰਘ ਔਲਖ ਨੇ ਦੱਸਿਆ ਕਿ ਐੱਸ.ਐੱਸ.ਪੀ. ਤਰਨਤਾਰਨ ਧਰੁਵ ਦਹੀਆ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ।
ਜਿਸ ਤਹਿਤ ਏ.ਐੱਸ.ਆਈ. ਹੰਸਾ ਸਿੰਘ ਨੂੰ ਮੰਡੀ ਦਿਆਲਪੁਰ ਵਿਖੇ ਗਸ਼ਤ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਾਜਨ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਦਿਆਲਪੁਰ ਅਤੇ ਅਮਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੋੜੇ ਵਿਧਾਨ ਨੇ ਮਿਲ ਕੇ ਗਿਰੋਹ ਬਣਾਇਆ ਹੈ ਅਤੇ ਇਹ ਵੱਖ-ਵੱਖ ਥਾਵਾਂ ਤੋਂ ਮੋਟਰ ਸਾਈਕਲ ਚੋਰੀ ਕਰਕੇ ਅੱਗੇ ਗ੍ਰਾਹਕਾਂ ਨੂੰ ਵੇਚਣ ਦਾ ਧੰਦਾ ਕਰਦੇ ਹਨ। ਜਿਸ ’ਤੇ ਪੁਲਸ ਪਾਰਟੀ ਨੇ ਅੱਡਾ ਦਿਆਲਪੁਰ ਵਿਖੇ ਨਾਕਾਬੰਦੀ ਕਰ ਦਿੱਤੀ ਅਤੇ ਦੋ ਵੱਖ-ਵੱਖ ਮੋਟਰ ਸਾਈਕਲ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ।
ਜਿਨ੍ਹਾਂ ਦੀ ਪਹਿਚਾਣ ਸਾਜਨ ਸਿੰਘ ਪੁੱਤਰ ਕਾਰਜ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕੋੜੇ ਵਿਧਾਨ ਵਜੋਂ ਹੋਈ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਮੋਟਰ ਸਾਈਕਲਾਂ ਦੇ ਕਾਗਜ਼ਾਤ ਪੇਸ਼ ਨਹੀਂ ਕਰ ਸਕੇ ਅਤੇ ਬਾਅਦ ਵਿਚ ਇਨਾਂ ਨੇ ਕਬੂਲ ਕੀਤਾ ਕਿ ਇਹ ਮੋਟਰ ਸਾਈਕਲ ਚੋਰੀ ਦੇ ਹਨ ਜਿੰਨਾਂ ਨੂੰ ਇਹ ਆਪਣੇ ਗ੍ਰਾਹਕਾਂ ਨੂੰ ਵੇਚਣ ਲਈ ਜਾ ਰਹੇ ਸੀ। ਡੀ.ਐੱਸ.ਪੀ. ਕਮਲਜੀਤ ਸਿੰਘ ਔਲਖ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 99 ਧਾਰਾ 379/411 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਜਦ ਅਗਲੀ ਪੁੱਛਗਿੱਛ ਕੀਤੀ ਤਾਂ ਪੁਲਸ ਨੇ ਉਕਤ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 5 ਹੋਰ ਚੋਰੀ ਦੇ ਮੋਟਰ ਸਾਈਕਲ ਬਰਾਮਦ ਕਰ ਲਏ। ਉਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।