ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ ਆਰਟ ਐਂਡ ਕਲਚਰ ਲਾਹੌਰ ਵੱਲੋਂ ਕਰਾਇਆ ਗਿਆ ਆਨਲਾਈਨ ਅੰਤਰ ਰਾਸ਼ਟਰੀ ਸਮਾਗਮ
ਇੰਝ ਮਨਾਈ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਅਦੀਬਾਂ ਨੇ ਮਹਾਨ ਲੋਕ ਗਾਇਕ ਆਲਮ ਲੁਹਾਰ ਦੀ 41 ਵੀਂ ਬਰਸੀ
ਕਰੋਨਾ ਵਬਾ ਤੋਂ ਨਿਜਾਤ ਬਾਅਦ ਆਲਮ ਲੋਹਾਰ ਦੀ ਯਾਦ ਚ ਇੰਟਰਨੈਸ਼ਨਲ ਲੋਕ ਸੰਗੀਤ ਮੇਲਾ ਲਾਏ ਜਾਣ ਦਾ ਐਲਾਨ
ਲਾਹੌਰ : 9 ਜੁਲਾਈ, 2020 :
ਪੰਜਾਬ ਸਰਕਾਰ ਦੇ ਇੰਸਟੀਚਿਊਟ ਆਫ਼ ਲੈਂਗੂਏਜ ਆਰਟ ਐਂਡ ਕਲਚਰ, ((ਪਲਾਕ ) ਦੀ ਡਾਇਰੈਕਟਰ ਜਨਰਲ ਸੁਗ਼ਰਾ ਸਦਫ ਦੀ ਪਹਿਲਕਦਮੀ ਤੇ ਅਜ਼ੀਮ ਲੋਕ ਗਾਇਕ ਮੁਹੰਮਦ ਆਲਮ ਲੋਹਾਰ ਸਾਹਿਬ ਦੀ 41 ਵੀਂ ਬਰਸੀ ਮੌਕੇ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਨ ਲਾਈਨ ਅੰਤਰ ਰਾਸ਼ਟਰੀ ਸਮਾਗਮ ਕੀਤਾ ਗਿਆ ਜਿਹਦੇ ਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਾਮਵਰ ਅਦੀਬਾਂ , ਸਾਹਿਤਕਾਰਾਂ ਅਤੇ ਮਿਊਜ਼ਿਕ ਵਰਡ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ .
ਇਸ ਵਿਚ ਸੁਰ ਸ਼ਹਿਜ਼ਾਦੀ ਆਬਿਦਾ ਪ੍ਰਵੀਨ ,ਸੁਰੱਈਆ ਮੁਲਤਾਨੀ ਕਰ ,ਸ਼ੌਕਤ ਅਲੀ ,ਅਤਾ ਉਲਾ ਖ਼ਾਨ ਈਸਾਖੇਲਵੀ ਆਰਫ਼ ਲੋਹਾਰ, ਪੂਰਬੀ ਪੰਜਾਬ ਤੋਂ ਲੋਕ ਗਾਇਕ ਹਰਭਜਨ ਮਾਨ , ਪੰਮੀ ਬਾਈ ਤੇ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਦੇ ਇਲਾਵਾ ਰਾਹਤ ਮੁਲਤਾਨੀ ਕਰ ,ਨਦੀਮ ਅੱਬਾਸ
ਲੂਣੇ ਵਾਲਾ ,ਮੁਦੱਸਰ ਬੱਟ ਸੰਪਾਦਕ ਭੁਲੇਖਾ,ਇਕਬਾਲ ਬੱਟ , ਸੱਜਾਦ ਬਰੀ ਖ਼ੈਬਰ ਪਖ਼ਤੂਨ ਵਾ ਤੋਂ ਫ਼ਿਆਜ਼ ਖ਼ਾਨ ਖ਼ੀਸ਼ਗੀ , ਬਲੋਚਿਸਤਾਨ ਤੋਂ ਸ਼ਫ਼ਕਤ ਆਸਮੀ ਤੇ ਮਸੂਦ ਨਬੀ ਬਲੋਚ ਦੇ ਨਾਲ਼ ਨਾਲ਼ ਡਾਕਟਰ ਸੁਗ਼ਰਾ ਸਦਫ਼ ਡਾਇਰੈਕਟਰ ਜਨਰਲ ਪਲਾਕ , ਮੁਹੰਮਦ ਆਸਮ ਚੌਧਰੀ ਡਾਇਰੈਕਟਰ ਪਲਾਕ ,, ਸ਼ਫ਼ਾਅਤ ਅੱਬਾਸ ਅਸਿਸਟੈਂਟ ਡਾਇਰੈਕਟਰ ਅਮਾਨਤ ਅਲੀ ਤੇ ਹੁਸਨ ਜਲੀਲ ਪ੍ਰੋਡਿਊਸਰ ਐਫ਼ ਐਮ ੯95 ਪੰਜਾਬ ਰੰਗ ਨੇ ਵੀ ਸ਼ਿਰਕਤ ਕੀਤੀ।
ਸਮਾਗਮ ਦੇ ਆਰੰਭ 'ਚ ਡਾ: ਸੁਗ਼ਰਾ ਸਦਫ਼ ਨੇ ਅਜ਼ੀਮ ਗੁਲੂਕਾਰ ਨੂੰ ਖ਼ਰਾਜ-ਏ-ਅਕੀਦਤ ਪੇਸ਼ ਕਰਦੇ ਹੋਏ ਕਿਹਾ ਕਿ ਆਲਮ ਲੋਹਾਰ ਸਾਹਿਬ ਲੋਕ ਸੰਗੀਤ ਦਾ ਚਮਕਦਾ ਸਿਤਾਰਾ ਸੀ ਜਿਸ ਦੀ ਚਮਕ ਚਾਰ ਦਹਾਕੇ ਲੰਘਣ ਤੋਂ ਬਾਦ ਵੀ ਘੱਟ ਨਹੀਂ ਹੋਈ ਤੇ ਇਨ੍ਹਾਂ ਦੇ ਪੁੱਤਰ ਆਰਿਫ਼ ਲੋਹਾਰ ਨੇ ਆਪਣੇ ਪਿਓ ਦੇ ਮਿਸ਼ਨ ਨੂੰ ਜਾਰੀ ਰੱਖ ਕੇ ਪੰਜਾਬ ਦੇ ਸਭਿਆਚਾਰ ਤੇ ਅਹਿਸਾਨ ਕੀਤਾ ਹੈ। ।
ਭਾਰਤੀ ਪੰਜਾਬ ਦੇ ਉੱਘੇ ਕਵੀ ਤੇ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਕਿਹਾ ਕਿ ਮੁਹੰਮਦ ਆਲਮ ਲੋਹਾਰ ਸਾਡੀ ਪੰਜ ਦਰਿਆਈ ਧਰਤੀ ਦੀ ਜ਼ਬਾਨ ਦੇ ਗਵੱਈਏ ਸਨ। ਉਨ੍ਹਾਂ ਦੇ ਗੀਤਾਂ ਚ ਪੰਜ ਦਰਿਆਵਾਂ ਵਾਲਾ ਪੰਜਾਬ ਗਾਉਂਦਾ ਸੀ। ਉਨ੍ਹਾਂ ਜਾ : ਸੁਗਰਾ ਸਦਫ ਨੂੰ ਏਨਾ ਸੋਹਣਾ ਇੰਟਰਨੈਸ਼ਨਲ ਸਮਾਗਮ ਕਰਵਾਉਣ ਲਈ ਮੁਬਾਰਕ ਦਿੰਦਿਆਂ ਕਿਹਾ ਕਿ ਲੋਕ ਫ਼ਨਕਾਰਾਂ ਵਿੱਚੋਂ ਆਲਮ ਲੋਹਾਰ ਤੇ ਸ਼ੌਕਤ ਅਲੀ ਸਾਹਿਬ ਦੇ ਆਪ ਲਿਖੇ ਗੀਤਾਂ ਦੀਆਂ ਕਿਤਾਬਾਂ ਛਾਪੀਆਂ ਜਾਣ।
ਨਵਾਬ ਘੁਮਿਆਰ, ਪਠਾਣੇ ਖਾਂ, ਮਹਿੰਦੀ ਹਸਨ,ਇਨਾਇਤ ਹੁਸੈਨ ਭੱਟੀ, ਨੁਸਰਤ ਫ਼ਤਿਹ ਅਲੀ,ਨਜ਼ਾਕਤ ਅਲੀ ਸਲਾਮਤ ਅਲੀ,ਆਲਮ ਲੋਹਾਰ, ਸਾਈਂ ਮੁਸ਼ਤਾਕ, ਨੂਰ ਜਹਾਂ, ਪਰਵੇਜ਼ ਮਹਿੰਦੀ, ਮਨਸੂਰ ਅਲੀ ਮਲੰਗੀ,ਰੇਸ਼ਮਾ, ਤੁਫ਼ੈਲ ਨਿਆਜ਼ੀ ਤੇ ਹੋਰ ਸਿਰਕੱਢ ਗਾਇਕਾਂ ਦੀਆਂ ਜੀਵਨੀਆਂ ਵੀ ਛਾਪੀਆਂ ਜਾਣ ਜਿਸ ਤੋਂ ਇਨ੍ਹਾਂ ਗਾਇਕਾਂ ਤੋਂ ਪ੍ਰੇਰਨਾ ਲਈ ਜਾ ਸਕੇ।
ਮਸ਼ਹੂਰ ਸੂਫ਼ੀ ਗੁਲੂਕਾਰਾ ਆਬਿਦਾ ਪ੍ਰਵੀਨ ਨੇ ਆਲਮ ਲੋਹਾਰ ਜ ਦੀ ਜੁਗਨੀ ਦੀ ਤਾਰੀਫ਼ ਕਰਦੇ ਕਿਹਾ ਕਿ ਇਨ੍ਹਾਂ ਵਰਗਾ ਫ਼ਨਕਾਰ ਦੁਨੀਆ ਤੇ ਦੁਬਾਰਾ ਨਹੀਂ ਜੰਮ ਸਕਦਾ ।ਅਤਾਉਲਾ ਖ਼ਾਨ ਈਸਾ ਖ਼ੇਲਵੀ ਨੇ ਉਨ੍ਹਾਂ ਨੂੰ ਅਪਣਾ ਉਸਤਾਦ ਤੇ ਬਜ਼ੁਰਗ ਕਰਾਰ ਦਿੱਤਾ ਤੇ ਦੁਆ ਕੀਤੀ। ਮਸ਼ਹੂਰ ਲੋਕ ਫ਼ਨਕਾਰ ਸ਼ੌਕਤ ਅਲੀ ਸਾਹਿਬ ਨੇ ਆਲਮ ਲੋਹਾਰ ਬਾਰੇ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਲਾਲਾ ਆਲਮ ਲੋਹਾਰ ਹਕੀਕੀ ਲੋਕ ਗੁਲੂਕਾਰ ਸਨ ਜਿਹੜੇ ਰੂਹ ਦੀ ਗਹਿਰਾਈ ਤੋਂ ਗਾਉਂਦੇ ਸਨ । ਉਨ੍ਹਾਂ ਨੇ ਲੋਕ ਦਾਸਤਾਨਾਂ ਗਾ ਕੇ ਆਪਣੀ ਸੰਗੀਤ ਨਾਲ ਮੁਹੱਬਤ ਦਾ ਇਜ਼ਹਾਰ ਕੀਤਾ ।ਉਨ੍ਹਾਂ ਦੀ ਦੇਹ ਨੂੰ ਲਾਲਾ ਮੂਸਾ ਚ ਅਸਾਂ ਦੋਹਾਂ ਭਰਾਵਾਂ ਇਨਾਇਤ ਅਲੀ ਤੇ ਮੈਂ ਸਪੁਰਦੇ ਖ਼ਾਕ ਕਰਨ ਉਪਰੰਤ ਚਾਰ ਦਿਨ ਰੋਂਦੇ ਰਹੇ।
ਭਾਰਤੀ ਪੰਜਾਬ ਦੇ ਲੋਕ ਗੁਲੂਕਾਰ ਪੰਮੀ ਬਾਈ ਨੇ ਕਿਹਾ ਕਿ ਆਲਮ ਲੋਹਾਰ ਦੇ ਫ਼ਨ ਨੂੰ ਸਾਰੀ ਦੁਨੀਆ ਦੇ ਪੰਜਾਬੀ ਸਲਾਹੁੰਦੇ ਨੇ। ਉਨ੍ਹਾਂ ਦਾ ਮਸ਼ਹੂਰ ਗਾਣਾ ਬੋਲ ਮਿੱਟੀ ਦਿਆ ਬਾਵਿਆ ਅੱਜ ਵੀ ਉਨ੍ਹਾਂ ਨੂੰ ਬੜਾ ਪਸੰਦ ਏ। ਸਦੀਆਂ ਬਾਦ ਇਹੋ ਜਿਹੇ ਗਾਇਕ ਪੈਦਾ ਹੁੰਦੇ ਨੇ।
ਮਕਬੂਲ ਗੁਲੂਕਾਰ ਤੇ ਪੰਜਾਬੀ ਫ਼ਿਲਮ ਅਦਾਕਾਰ ਹਰਭਜਨ ਮਾਨ ਨੇ ਆਲਮ ਲੋਹਾਰ ਦੇ ਬਾਰੇ ਕੁਝ ਇੰਝ ਕਿਹਾ ਕਿ ਆਲਮ ਲੋਹਾਰ ਸਾਹਿਬ ਨੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਇਕ ਪੱਕੀ ਸ਼ਾਹ ਰਾਹ ਦੱਸ ਦਿੱਤੀ ਏ ਤੇ ਅੱਜ ਅਸੀਂ ਉਨ੍ਹਾਂ ਦੇ ਨਕਸ਼ਾਂ ਤੇ ਤੁਰ ਕੇ ਹੀ ਪੰਜਾਬ ਦੇ ਸਭਿਆਚਾਰ ਨੂੰ ਪੂਰੀ ਦੁਨੀਆ ਚ ਪੇਸ਼ ਕਰ ਰਹੇ ਹਾਂ।
ਹਰਭਜਨ ਮਾਨ ਨੇ ਉਨ੍ਹਾਂ ਦੇ ਇਕ ਗੀਤ ਨੂੰ ਵੀ ਗੁਣਗੁਣਾਇਆ। ਭਾਰਤੀ ਪੰਜਾਬ ਦੇ ਇਸ ਨਾਮਵਰ ਗੁਲੂਕਾਰ ਨੇ ਪਲਾਕ ਦੀ ਭਰਪੂਰ ਤਾਰੀਫ਼ ਕੀਤੀ ਤੇ ਸਾਰੇ ਵੱਡੇ ਗੁਲੂਕਾਰਾਂ ਦੇ ਦਰਮਿਆਨ ਆਪਣੀ ਮੌਜੂਦਗੀ ਨੂੰ ਬਾਇਸ-ਏ-ਫ਼ਖ਼ਰ ਕਰਾਰ ਦਿੱਤਾ ਤੇ ਕਿਹਾ ਕਿ ਆਲਮ ਲੁਹਾਰ ਸਾਹਿਬ ਨੇ ਪੰਜਾਬੀ ਜ਼ਬਾਨ ਤੇ ਲੋਕ ਸੰਗੀਤ ਦੀ ਜੋ ਖ਼ਿਦਮਤ ਕੀਤੀ ਉਹਨੂੰ ਸਲਾਹੁਣਾ ਚੰਗੀ ਗੱਲ ਏ । ਉਨ੍ਹਾਂ ਇਹ ਵੀ ਤਜਵੀਜ਼ ਪੇਸ਼ ਕੀਤੀ ਕੇ ਉਨ੍ਹਾਂ ਦੇ ਗਾਏ ਲੋਕ ਗੀਤਾਂ ਤੇ ਲੋਕ ਦਾਸਤਾਨਾਂ ਨੂੰ ਕਿਤਾਬੀ ਸ਼ਕਲ ਦਿੱਤੀ ਜਾਵੇ।
ਪਾਕਿਸਤਾਨ ਦੀ ਮਸ਼ਹੂਰ ਗੁਲੂਕਾਰ ਸੁਰੱਈਆ ਮੁਲਤਾਨੀਕਰ ਨੇ ਕਿਹਾ ਕਿ ਉਹ ਖ਼ਾਮੋਸ਼ ਮਿਜ਼ਾਜ ਦੇ ਬੰਦੇ ਸਨ ਬਾ ਅਦਬ ਤੇ ਸ਼ਫ਼ਕਤ ਦੇ ਮਾਲਕ ਸਨ ਤੇ ਇਹ ਸਾਰੇ ਵਸਫ਼ ਉਨ੍ਹਾਂ ਦੇ ਪੁੱਤਰ ਆਰਿਫ਼ ਲੋਹਾਰ ਚ ਵੀ ਪਾਏ ਜਾਂਦੇ ਨੇ ਉਨ੍ਹਾਂ ਨੇ ਆਲਮ ਲੋਹਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਗਾਣੇ ਅੱਜ ਵੀ ਨਿਵੇਕਲੇ ਅੰਦਾਜ਼ ਚ ਮਸ਼ਹੂਰ ਨੇ। ਸੁਰੱਈਆ ਮੁਲਤਾਨੀਕਰ ਨੇ ਅਪਣਾ ਮਸ਼ਹੂਰ ਗੀਤ ਕੀ ਹਾਲ ਸੁਣਾਵਾਂ ਦਿਲ ਦਾ ਗਾ ਕੇ ਸਰੋਤਿਆਂ ਤੋਂ ਦਾਦ ਵੀ ਲਈ।
ਰਾਹਤ ਮੁਲਤਾਨੀਕਰ ਨੇ ਕਿਹਾ ਕਿ ਆਲਮ ਲੋਹਾਰ ਨੇ ਸਾਨੂੰ ਪੰਜਾਬ ਦੀ ਸਕਾਫ਼ਤ ਤੋਂ ਰੋਸ਼ਨਾਸ ਕਰਾਇਆ ।ਉਨ੍ਹਾਂ ਆਪਣੀ ਵਾਲਦਾ ਨਾਲ਼ ਰਲ਼ ਕੇ ਆ ਚੁਣੋ ਰਲ਼ ਯਾਰ ਪੀਲੂ ਪੱਕੀਆਂ ਵੋ ਕਾਫ਼ੀ ਪੇਸ਼ ਕੀਤੀ।
ਫ਼ਿਆਜ਼ ਖ਼ਾਨ ਖ਼ਸ਼ਗੀ ਨੇ ਕਿਹਾ ਕਿ ਆਲਮ ਲੋਹਾਰ ਆਪਣੇ ਅਛੂਤੇ ਅੰਦਾਜ਼ ਤੋਂ ਨਾ ਸਿਰਫ਼ ਪੰਜਾਬ ਸਗੋਂ ਪੂਰੇ ਪਾਕਿਸਤਾਨ ਚ ਮਸ਼ਹੂਰ ਨੇ ।ਬਲੋਚਿਸਤਾਨ ਤੋਂ ਸ਼ਰੀਕ ਹੋਏ ਗੁਲੂਕਾਰ ਮਸੂਦ ਨਬੀ ਬਲੋਚ ਨੇ ਆਲਮ ਲੋਹਾਰ ਨੂੰ ਮੌਸੀਕੀ ਦਾ ਬਾਦਸ਼ਾਹ ਕਰਾਰ ਦਿੱਤਾ ਤੇ ਉਨ੍ਹਾਂ ਦੀ ਹਯਾਤੀ ਦੇ ਪੱਖਾਂ ਤੇ ਚਾਨਣ ਪਾਇਆ ।
ਕੋਇਟਾ ਤੋਂ ਸ਼ਾਇਰ ਤੇ ਅਦੀਬ ਸ਼ਫ਼ਕਤ ਆਸਮੀ ਨੇ ਆਲਮ ਲੁਹਾਰ ਦੇ ਫ਼ਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਆਲਮ ਲੋਹਾਰ ਪੰਜਾਬ ਦੇ ਲੋਕ ਸੰਗੀਤ ਦਾ ਪੇਸ਼ਕਾਰ ਚਿਤੇਰਾ ਸੀ ।
ਪੰਜਾਬੀ ਅਖ਼ਬਾਰ ਭੁਲੇਖਾ ਦੇ ਸਰਪ੍ਰਸਤ ਮਦੱਸਰ ਬੱਟ ਨੇ ਕਿਹਾ ਕਿ ਆਲਮ ਲੁਹਾਰ ਨੇ ਬਰ-ਏ-ਸਗ਼ੀਰ ਚ ਲੋਕ ਗੁਲੂਕਾਰੀ ਤੋਂ ਜਾਣੂੰ ਕਰਾਇਆ। ਉਨ੍ਹਾਂ ਪੰਜਾਬ ਦੀ ਸਕਾਫ਼ਤ ਦੇ ਇਖ਼ਲਾਕੀ ਕਦਰਾਂ ਦਾ ਪ੍ਰਚਾਰ ਕੀਤਾ। ਆਸਿਮ ਚੌਧਰੀ ਨੇ ਆਲਮ ਲੋਹਾਰ ਦੇ ਫ਼ਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਪੰਜਾਬੀ ਨਾਅਤਾਂ ਦੀਆਂ ਤਰਜ਼ਾਂ ਅੱਜ ਵੀ ਉਸੇ ਤਰ੍ਹਾਂ ਮੌਜੂਦ ਨੇ । ਉਨ੍ਹਾਂ ਦੇ ਗੀਤਾਂ ਰਾਹੀਂ ਪੰਜਾਬ ਦੀ ਧਰਤੀ ਨਾਲ਼ ਉਨ੍ਹਾਂ ਦੀ ਮੁਹੱਬਤ ਦਿਸਦੀ ਏ । ਗੁਲੂਕਾਰ ਨਦੀਮ ਅੱਬਾਸ ਲੂਣੇ ਵਾਲਾ ਨੇ ਕਿਹਾ ਕਿ ਆਲਮ ਲੋਹਾਰ ਨੇ ਲੋਕ ਮੌਸੀਕੀ ਦੇ ਐਸੇ ਮਿਆਰ ਮਿਥੇ ਨੇ ਜੋ ਰਾਹ ਦਸੇਰਾ ਨੇ । ਉਨ੍ਹਾਂ ਅਪਣਾ ਦਿਸੇਗਾ ਗੀਤ ਮਾੜਾ ਤੇ ਮਾੜਾ ਸੀ ਯਾਰ ਜੋ ਏ , ਬਿਸਮਿੱਲਾ ਕਰਾਂ ਪੇਸ਼ ਕੀਤਾ । ਆਰਿਫ਼ ਲੁਹਾਰ ਆਪਣੇ ਪਿਓ ਦੀ ਯਾਦ ਚ ਕਿਹਾ ਕਿ ਉਹ ਆਪਣੇ ਪਿਓ ਨਾਲ਼ ਇਸ਼ਕ ਕਰਦੇ ਨੇ ।ਉਨ੍ਹਾਂ ਕਿਹਾ ਕਿ ਲੋਕ ਮੌਸੀਕੀ ਸਾਡੀ ਪਛਾਣ ਏ ਕਿਉਂ ਕਿ ਇਹਦਾ ਤਾਅ ਲੁੱਕ ਰੂਹ ਤੇ ਧਰਤੀ ਦੋਵਾਂ ਨਾਲ਼ ਹੈ।
ਆਰਿਫ਼ ਲੁਹਾਰ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ ਤੇ ਪਲਾਕ ਤੇ ਇਸ ਅੌਨ ਲਾਈਨ ਸਮਾਗਮ ਨੂੰ ਬਹੁਤ ਸਰਾਹਿਆ। ਪਿਲਾਕ ਦੀ ਡਾਇਰੈਕਟਰ ਜਨਰਲ ਡਾਕਟਰ ਸੁਗ਼ਰਾ ਸਦਫ਼ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਪਲਾਕ ਅੱਗੇ ਵੀ ਏਸ ਤਰ੍ਹਾਂ ਦੇ ਇੰਟਰਨੈਸ਼ਨਲ ਸਿਲਸਿਲੇ ਜਾਰੀ ਰੱਖੇ ਗਾ ਤੇ ਕਰੋਨਾ ਵਬਾ ਤੋਂ ਨਿਜਾਤ ਬਾਅਦ ਆਲਮ ਲੋਹਾਰ ਦੀ ਯਾਦ ਚ ਇਕ ਇੰਟਰਨੈਸ਼ਨਲ ਲੋਕ ਸੰਗੀਤ ਮੇਲੇ ਦਾ ਪ੍ਰਬੰਧ ਕੀਤਾ ਜਾਵੇਗਾ।