ਫਿਰੋਜ਼ਪੁਰ, 14 ਜੁਲਾਈ 2020 - ਬਹੁਤੀ ਵਾਰ ਪਿਛੜੇ ਇਲਾਕਿਆਂ ਵਿੱਚ ਸਹੂਲਤਾਂ ਨਾ ਮਿਲਣ ਕਰਕੇ ਸਾਡੇ ਵਿਦਿਆਰਥੀ ਉਤਮ ਪੜ੍ਹਾਈ ਦੇ ਮੌਕਿਆਂ ਤੋੰ ਖੁੰਝ ਜਾਂਦੇ ਹਨ। ਪਰ ਫਿਰੋਜ਼ਪੁਰ ਦੇ ਜ਼ੀਰੋ ਲਾਈਨ ਕੋਲ ਕਸਬੇ ਮਮਦੋਟ ਦੇ ਸਿਟੀ ਹਾਰਟ ਸਕੂਲ ਦੀ ਵਿਦਿਆਰਥਣ ਸ਼ਿਵਾਨੀ ਮਦਾਨ ਨੇ ਇਹ ਮਿੱਥ ਤੋੜ ਦਿੱਤੀ ਹੈ।
ਸ਼ਿਵਾਨੀ ਨੇ ਸੀਬੀਐੱਸਈ ਦੁਆਰਾ ਲਈ ਗਈ ਨਾਨ ਮੈਡੀਕਲ 10+2 ਦੀ ਪ੍ਰੀਖਿਆ ਵਿੱਚ ਜ਼ਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥਣ ਨੇ 97% ਫੀਸਦ ਅੰਕ ਹਾਸਲ ਕਰਕੇ ਜ਼ਿਲ੍ਹੇ ਚੋਂ ਪਹਿਲਾ ਸਥਾਨ ਹਾਸਿਲ ਕਰਦਿਆਂ ਮਾਪਿਆਂ ਦਾ, ਸੰਸਥਾ ਦਾ ਅਤੇ ਇਲਾਕਾ ਮਮਦੋਟ ਦਾ ਨਾਮ ਰੌਸ਼ਨ ਕੀਤਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਵਿਦਿਆਰਥਣ ਸ਼ਿਵਾਨੀ ਮਦਾਨ ਸਵਰਗੀ ਰਾਕੇਸ਼ ਮਦਾਨ (ਪੇਂਟ ਸਟੋਰ) ਦੀ ਬੇਟੀ ਹੈ ਜਿੰਨ੍ਹਾਂ ਦਾ ਦੀਵਾਲੀ ਵਾਲੀ ਰਾਤ ਪਿੰਡ ਵਰਿਆਮ ਸਿੰਘ ਵਾਲਾ ਨੇੜੇ ਕੰਬਾਈਨ ਅਤੇ ਕਾਰ ਵਿਚਾਲੇ ਵਾਪਰੇ ਭਿਆਨਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ।
ਜਿਸ ਕਾਰਨ ਸ਼ਿਵਾਨੀ ਕਈ ਮਹੀਨੇ ਸਕੂਲ ਵੀ ਨਹੀਂ ਜਾ ਸਕੀ। ਸ਼ਿਵਾਨੀ ਦਾ ਕਹਿਣਾ ਹੈ ਕਿ ਜ਼ਿੰਦਗੀ ਦੇ ਦੁੱਖਦ ਅਤੇ ਅਸਹਿ ਸਦਮੇ ਵਿੱਚੋਂ ਲੰਘਦਿਆਂ ਉਸ ਨੇ ਅੱਜ ਜੋ ਸਫਲਤਾ ਪ੍ਰਾਪਤ ਕੀਤੀ ਹੈ ਇਹ ਆਪਣੇ ਪਾਪਾ ਨੂੰ ਸ਼ਰਧਾਂਜਲੀ ਵਜੋਂ ਸਮਰਪਿਤ ਕੀਤੀ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਅਧਿਆਪਕਾਂ ਨੇ ਖੁਸ਼ੀ ਵਿਚ ਲੱਡੂ ਵੰਡੇ ਅਤੇ ਸ਼ਿਵਾਨੀ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ।