ਅਸ਼ੋਕ ਵਰਮਾ
ਬਠਿੰਡਾ, 15 ਜੁਲਾਈ 2020 - ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ‘ ਵਿੱਚ ਸ਼ਾਮਲ ਪਾਰਟੀਆਂ ਦੀਆਂ ਬਠਿੰਡਾ ਜ਼ਿਲ੍ਹਾ ਇਕਾਈਆਂ ਨੇ ਪੰਜਾਬ ਸਰਕਾਰ ਵੱਲੋਂ ਜਨਤਕ ਇਕੱਠਾਂ ‘ਤੇ ਲਾਈ ਪਾਬੰਦੀ ਦੀ ਜੋਰਦਾਰ ਨਿਖੇਧੀ ਕੀਤੀ ਹੈ। ਪੰਜਾਬ ਸਰਕਾਰ ਦੇ ਇਸ ਕਦਮ ਨੂੰ ਸੰਵਿਧਾਨਕ ਅਤੇ ਮਨੁੱਖੀ ਅਧਿਕਾਰਾਂ ‘ਤੇ ਛਾਪਾ ਕਰਾਰ ਦਿੰਦਿਆਂ ਸਾਥੀ ਮਹੀਪਾਲ (ਆਰ ਐਮ ਪੀ ਆਈ), ਬਲਕਰਨ ਸਿੰਘ ਬਰਾੜ (ਸੀਪੀਆਈ), ਮੁਖਤਿਆਰ ਪੂਹਲਾ (ਇਨਕਲਾਬੀ ਕੇਂਦਰ ਪੰਜਾਬ), ਲੋਕ ਰਾਜ ਮਹਿਰਾਜ ( ਲੋਕ ਸੰਗਰਾਮ ਮੋਰਚਾ), ਹਰਵਿੰਦਰ ਸੇਮਾ ( ਸੀਪੀਆਈ ਐਮਐਲ ਲਿਬਰੇਸ਼ਨ), ਅਮਰਜੀਤ ਸਿੰਘ ਹਨੀ ( ਸੀਪੀਆਈ ਐਮਐਲ ਨਿਊ ਡੈਮੋਕਰੇਸੀ) ਪੰਜਾਬ ਸਰਕਾਰ ਨੂੰ ਆਪਣਾ ਇਹ ਤਾਨਾਸ਼ਾਹੀ ਪੂਰਨ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਚੋਂ ਪੈਦਾ ਹੋਏ ਗੰਭੀਰ ਹਾਲਾਤ ਨੂੰ ਵਿਵੇਕ ਨਾਲ ਨਜਿੱਠਣ ਅਤੇ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਪੱਖੋਂ ਆਪਣੀ ਘੋਰ ਅਸਫਲਤਾ ‘ਚੋਂ ਪੈਦਾ ਹੋਈ ਲੋਕ ਬੇਚੈਨੀ ਅਤੇ ਜੱਥੇਬੰਦਕ ਪ੍ਰਤੀਰੋਧ ਨੂੰ ਕੇਂਦਰੀ ਅਤੇ ਸੂਬਾਈ ਸਰਕਾਰਾਂ ਜਾਬਰ ਹੱਥਕੰਡਿਆਂ ਨਾਲ ਦਬਾਉਣਾ ਚਾਹੁੰਦੀਆਂ ਹਨ ਪਰ ਇਸ ਪਹੁੰਚ ਦੇ ਨਤੀਜੇ ਲਾਜਮੀ ਉਲਟ ਪ੍ਰਭਾਵੀ ਨਿੱਕਲਣਗੇ। ਫਰੰਟ ਦੇ ਆਗੂਆਂ ਨੇ ਐਲਾਨ ਕੀਤਾ ਕਿ ਕੈਪਟਨ ਸਰਕਾਰ ਦੇ ਇਸ ਜਮਹੂਰੀਅਤ ਵਿਰੋਧੀ ਕਦਮ ਵਿਰੁੱਧ ਹਰ ਪੱਧਰ ਤੇ ਸੰੰਘਰਸ਼ ਵਿਉਂਤਿਆ ਜਾਵੇਗਾ।