- ਖਪਤਕਾਰ ਹੁਣ ਨਹੀ ਕਰ ਸਕਦੇ ਬਿਜਲੀ ਚੋਰੀ- ਵੇਣੂ ਪ੍ਰਸਾਦ
ਲੁਧਿਆਣਾ, 11 ਅਗਸਤ 2020 - ਸ਼ਹਿਰ ਵਿੱਚ ਬਿਜ਼ਲੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਲੁਧਿਆਣਾ ਦੇ ਹੈਬੋਵਾਲ ਵਿੱਚ ਡੇਅਰੀ ਕੰਪਲੈਕਸ ਵਿਖੇ ਛਾਪਾਮਾਰੀ ਕਰਕੇ ਬਿਜਲੀ ਚੋਰੀ ਕਰਨ ਵਾਲੀਆਂ ਕੁੰਢੀਆਂ ਨੂੰ ਫੜਿਆ। ਉਕਤ ਛਾਪਾਮਾਰੀ ਪੰਜਾਬ ਰਾਜ ਬਿਜ਼ਲੀ ਬੋਰਡ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐਮ.ਡੀ. ਏ.ਵੈਣੂ ਪ੍ਰਸਾਦ ਦੇ ਨਿਰਦੇਸ਼ਾਂ ਹੇਠ ਡਾਇਰੈਕਟਰ ਵੰਡ ਡੀ.ਪੀ.ਐਸ.ਗਰੇਵਾਲ ਦੀ ਨਿਗਰਾਨੀ ਹੇਠ ਕੀਤੀ ਗਈ।
ਅੱਜ ਦੀ ਇਸ ਛਾਪਾਮਾਰੀ ਵਿੱਚ ਬਿਜ਼ਲੀ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਹੇਠ 36 ਵੱਖ ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਇਨ੍ਹਾਂ ਸਾਰੀਆਂ ਟੀਮਾਂ ਵਿੱਚ 16 ਐਕਸੀਅਨ, 16 ਐਸ.ਡੀ.ਓ., 4 ਇੰਨਫੋਰਸਮੈਂਟ ਵਿੰਗ ਸ਼ਾਮਲ ਸਨ।ਇਨ੍ਹਾਂ ਟੀਮਾਂ ਵੱਲੋਂ ਇੱਕ ਦਿਨ ਵਿੱਚ 1227 ਕੁਨੈਕਸ਼ਨਾ ਦੀ ਜਾਂਚ ਕੀਤੀ ਅਤੇ ਉਪਭੋਗਤਾਵਾਂ ਨੂੰ ਕੁੱਲ 40 ਲ਼ੱਖ ਰੁਪਏ ਜੁਰਮਾਨਾ ਕੀਤਾ ਗਿਆ। ਬਿਜ਼ਲੀ ਚੋਰੀ ਦੇ ਕੁਨੈਕਸ਼ਨ 20, ਓਵਰਲੋਡ ਅਤੇ ਅਣਅਧਿਕਾਰਿਤ ਕੁਨੈਕਸ਼ਨ ਸ਼ਾਮਲ ਸਨ।
ਡੀਪੀਐਸ ਗਰੇਵਾਲ ਨੇ ਦੱਸਿਆ ਕਿ ਕੁੰਢੀ ਕੁਨੈਕਸ਼ਨਾਂ ਦੀ ਜਾਂਚ ਤੋਂ ਇਲਾਵਾ, ਟੀਮਾਂ ਨੇ ਮੀਟਰਾਂ ਦੀ ਜਾਂਚ ਵੀ ਕੀਤੀ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਮੀਟਰ ਸਹੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਮੀਟਰਾਂ ਨਾਲ ਕੋਈ ਛੇੜਛਾੜ ਨਹੀ ਹੋ ਰਹੀ। ਉਨ੍ਹਾਂ ਅੱਗੇ ਦੱਸਿਆ ਕਿ ਚੈਕਿੰਗ ਦੌਰਾਨ ਜਿਨ੍ਹੇ ਵੀ ਪੁਰਾਣੇ ਮੀਟਰ ਸਹੀ ਤਰ੍ਹਾਂ ਕੰਮ ਨਹੀਂ ਕਰਦੇ ਪਾਏ ਗਏ, ਉਨ੍ਹਾਂ ਨੂੰ ਮੌਕੇ 'ਤੇ ਹੀ ਤਬਦੀਲ ਕਰ ਦਿੱਤਾ ਗਿਆ ਅਤੇ ਇਨ੍ਹਾਂ ਨੂੰ ਟੈਸਟ ਲਈ ਐਮਈ ਲੈਬ ਭੇਜਿਆ ਗਿਆ ਹੈ। ਜਿਨ੍ਹਾਂ ਵਿੱਚ 73 ਬਿਜ਼ਲੀ ਮੀਟਰ ਸ਼ੱਕੀ ਪਾਏ ਗਏ।
ਪੀਐਸਪੀਸੀਐਲ ਦੇ ਸੀ.ਐਮ.ਡੀ. ਏ.ਵੈਣੂ ਪ੍ਰਸਾਦ ਨੇ ਦੱਸਿਆ ਕਿ ਭਵਿੱਖ ਵਿੱਚ ਬਿਜ਼ਲੀ ਚੋਰੀ ਦੀਆਂ ਸਮੱਸਿਆਵਾਂ 'ਤੇ ਕਾਬੂ ਪਾਉਣ ਲਈ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿ ਉਪਭੋਗਤਾ ਅਜਿਹੀਆਂ ਗੈਰ ਰਸਮੀ ਪ੍ਰਕਿਰਿਆਵਾਂ ਤੋਂ ਮੁਕਤ ਹਨ, ਇਸ ਨੂੰ ਲਗਾਤਾਰ ਜਾਰੀ ਰੱਖਣਗੇ।
ਉਨ੍ਹਾਂ ਅਪੀਲ ਕੀਤੀ ਕਿ ਬਿਜ਼ਲੀ ਚੋਰੀ ਦੇ ਖਤਰੇ ਨੂੰ ਕਾਬੂ ਕਰਨ ਲਈ ਖਪਤਕਾਰਾਂ ਨੂੰ ਪੀ.ਐਸ.ਪੀ.ਸੀ.ਐਲ ਦੀ ਸਹਾਇਤਾ ਕਰਨੀ ਚਾਹੀਦੀ ਹੈ। ਕੋਈ ਵੀ ਗ੍ਰਾਹਕ ਜਾਂ ਮੁਖਬਰ ਸਾਡੀ ਹੈਲਪਲਾਈਨ ਨੰ.1912 ਤੇ ਬਿਜ਼ਲੀ ਸਪਲਾਈ ਬਾਰੇ ਸ਼ਿਕਾਇਤ ਕਰ ਸਕਦੇ ਹਨ। ਜੇਕਰ ਹੈਲਪਲਾਈਨ ਰੁੱਝੀ ਹੋਈ ਹੈ ਤਾਂ 1912 ਤੇ ਐਸ.ਐਮ.ਐਸ.(ਸੰਦੇਸ਼) ਭੇਜ ਸਕਦੇ ਹਨ, ਜਿਸ ਤੋਂ ਬਾਅਦ ਸ਼ਿਕਾਇਤ ਆਪਣੇ ਆਪ ਰਜਿਸਟਰਡ ਹੋ ਜਾਵੇਗੀ, ਜਿਸ ਨਾਲ ਦਫਤਰ ਤੋਂ ਤੁਹਾਨੂੰ ਤੁਰੰਤ ਜਵਾਬ ਮਿਲ ਜਾਵੇਗਾ।
ਡੀ.ਪੀ.ਐਸ.ਗਰੇਵਾਲ ਨੇ ਚੌੜਾ ਬਾਜ਼ਾਰ ਲੁਧਿਆਣਾ ਵਿਖੇ ਸਥਿਤ ਕਾਲ ਸੈਂਟਰ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਕਿਹਾ ਕਿ ਜਲਦੀ ਹੀ ਇੱੱਥੇ ਸੈਂਟਰ ਵਿੱਚ 60 ਹੋਰ ਕਾਲ ਲਾਈਨਾਂ ਲਗਾਈਆਂ ਜਾਣਗੀਆਂ। ਇਹ ਕੇਂਦਰ ਜਲਦੀ ਹੀ ਲੋਕਾਂ ਲਈ ਕਾਰਜਸ਼ੀਲ ਹੋ ਜਾਵੇਗਾ।
ਇਸ ਮੌਕੇ ਸੰਜੀਵ ਪ੍ਰਭਾਕਰ, ਡਿਪਟੀ ਚੀਫ ਇੰਜ਼ੀਨੀਅਰ/ਆਪ੍ਰੇਸ਼ਨ, ਵੈਸਟ ਲੁਧਿਆਣਾ, ਹਰਜੀਤ ਸਿੰਘ ਗਿੱਲ ਡਿਪਟੀ ਚੀਫ ਇੰਜ਼ੀਨੀਅਰ ਪੂਰਬੀ ਲੁਧਿਆਣਾ, ਸਰਬਜੀਤ ਸਿੰਘ, ਐਸ.ਈ.ਅਰਬਨ ਲੁਧਿਆਣਾ ਅਤੇ ਹਿੰਮਤ ਸਿੰਘ ਖੰਨਾਂ ਵੀ ਮੌਕੇ 'ਤੇ ਮੌਜੂਦ ਸਨ।