ਜਗਦੀਸ਼ ਥਿੰਦ
ਅਬੋਹਰ, 12 ਅਗਸਤ
ਅੰਤਰਰਾਸ਼ਟਰੀ ਨੌਜਵਾਨ ਦਿਵਸ ਦੇ ਨਾਲ-ਨਾਲ ਜਨਮਅਸ਼ਟਮੀ ਦੇ ਸ਼ੁਭ ਦਿਹਾੜੇ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਬਚਿਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਇਸ ਦੇ ਮੱਦੇਨਜਰ ਪੂਰੇ ਸੂਬੇ ਅੰਦਰ ਮੋਬਾਈਲ ਵੰਡਣ ਦੀ ਸ਼ੁਰੂਆਤ ਕੀਤੀ।
ਇਸ ਤਹਿਤ ਅੱਜ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਤਹਿਸੀਲ ਅਬੋਹਰ ਵਿਖੇ ਵਿਦਿਆਰਥੀਆਂ ਨੂੰ ਕੈਪਟਨ ਸਮਾਰਟ ਕੁਨੈਕਟ ਸਕੀਮ ਤਹਿਤ ਮੋਬਾਈਲਾਂ ਦੀ ਵੰਡ ਕੀਤੀ ਗਈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਭਿਜੀਤ ਕਪਲਿਸ਼ ਨੇ ਅਬੋਹਰ ਦੇ ਸਰਕਾਰੀ ਸਕੂਲ ਲੜਕੇ ਵਿਖੇ ਕਰਵਾਏ ਗਏ ਮੋਬਾਈਲ ਵੰਡ ਸਮਾਰੋਹ ਦੌਰਾਨ ਕੀਤਾ।
ਸਮਾਰੋਹ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ ਮੋਬਾਈਲ ਦੇਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਅਬੋਹਰ ਵਿਖੇ ਬਾਰਵੀ ਜਮਾਤ ਦੇ 28 ਵਿਦਿਆਰਥੀਆਂ ਨੂੰ ਮੋਬਾਈਲ ਵੰਡਣ ਦੀ ਸ਼ੁਰੂਆਤ ਕੀਤੀ ਗਈ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਸਕੂਲ ਬੰਦ ਹੋਣ ਕਰਕੇ ਬੱਚਿਆਂ ਦੀ ਪੜਾਈ ਦਾ ਕਾਫੀ ਨੁਕਸਾਨ ਹੋ ਰਿਹਾ ਸੀ, ਭਾਵੇਂ ਸਿਖਿਆ ਵਿਭਾਗ ਵੱਲੋਂ ਉਪਰਾਲਿਆਂ ਕਰਦਿਆਂ ਆਨਲਾਈਲ ਸਾਧਨਾਂ ਰਾਹੀਂ ਪੜਾਈ ਕਰਵਾਈ ਜਾ ਰਹੀ ਸੀ ਪਰ ਗਰੀਬ ਮਾਪਿਆਂ ਦੇ ਬਚਿਆਂ ਜਿਨਾਂ ਕੋਲੋਂ ਮੋਬਾਈਲ ਦੀ ਸੁਵਿਧਾ ਉਪਲਬਧ ਨਹੀਂ ਸੀ ਹੁਣ ਉਹ ਵੀ ਤੈਅ ਦਿਲੋਂ ਆਪਣੀ ਪੜਾਈ ਕਰ ਸਕਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੰਤਵ ਬੱਚਿਆਂ ਨੂੰ ਪੜਾਈ ਕਰਵਾ ਕੇ ਆਪਣੀ ਜਿੰਦਗੀ ਵਿਚ ਕਾਬਲ ਬਣਾਉਣਾ ਹੈ। ਉਨਾਂ ਕਿਹਾ ਕਿ ਹਰੇਕ ਬੱਚੇ ਕੋਲ ਮੋਬਾਈਲ ਦੀ ਸੁਵਿਧਾ ਹੋਣ ਕਰਕੇ ਹੁਣ ਕੋਈ ਬੱਚਾ ਆਨਲਾਈਨ ਪੜਾਈ ਕਰਨ ਤੋਂ ਵਾਂਝਾ ਨਹੀਂ ਰਹੇਗਾ। ਉਨਾਂ ਕਿਹਾ ਕਿ ਬੱਚਿਆਂ ਅੰਦਰ ਵੀ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਰਕਾਰੀ ਸਕੂਲ ਲੜਕੇ ਦੇ 14 ਵਿਦਿਆਰਥੀਆਂ ਅਤੇ ਸਰਕਾਰੀ ਸਕੂਲ ਲੜਕੀਆਂ ਦੇ 14 ਵਿਦਿਆਰਥਣਾ ਨੂੰ ਮੋਬਾਈਲ ਦੀ ਵੰਡ ਕੀਤੀ ਗਈ ਤੇ ਆਉਣ ਵਾਲੇ ਸਮੇਂ ’ਚ ਹਰੇਕ ਬਚੇ ਨੂੰ ਮੋਬਾਈਲ ਮੁਹੱਈਆ ਕਰਵਾਉਣਾ ਸਰਕਾਰ ਨੇ ਟੀਚਾ ਮਿਥਿਆ ਹੈ।
ਸਰਕਾਰੀ ਸਕੂਲ ਲੜਕੇ ਦੇ ਇਕ ਬੱਚੇ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਉਹ ਪੜਾਈ ਨਾਲੋਂ ਟੁੱਟਦਾ ਜਾ ਰਿਹਾ ਸੀ ਤੇ ਇਕ ਪਾਸੇ ਘਰ ਦੀ ਸਥਿਤੀ ਠੀਕ-ਠਾਕ ਹੋਣ ਕਰਕੇ ਮੋਬਾਈਲ ਦੀ ਸੁਵਿਧਾ ਵੀ ਨਹੀਂ ਸੀ। ਉਸਨੇ ਕਿਹਾ ਕਿ ਮੋਬਾਈਲ ਮਿਲਣ ਨਾਲ ਉਹ ਆਨਲਾਈਨ ਵਿਧੀ ਰਾਹੀਂ ਆਪਣੀ ਪੜਾਈ ਜਾਰੀ ਰੱਖ ਸਕੇਗਾ ਤੇ ਸਿਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਆਨਲਾਈਨ ਐਪ ਰਾਹੀਂ ਈ-ਕਨਟੈਂਟ ਰਾਹੀਂ ਪੜ ਸਕੇਗਾ। ਬੱਚੇ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਹ ਦਿਲ ਲਗਾ ਕੇ ਪੜਾਈ ਕਰੇਗਾ ਤੇ ਜਿੰਦਗੀ ਵਿਚ ਕੁਝ ਬਣ ਕੇ ਵਿਖਾਏਗਾ।
ਇਸ ਮੌਕੇ ਪਿ੍ਰੰਸੀਪਲ ਰਾਜੇਸ਼ ਸਚਦੇਵਾ, ਵਿਨੈ ਮਰਵਾਹਾ ਲੈਕਚਰਾਰ, ਵਰੁਨ ਧਵਨ ਕੰਪਿਉਟਰ ਫੈਕਲਿਟੀ, ਹਰੀਸ਼ ਚੌਧਰੀ ਤੋਂ ਇਲਾਵਾ ਹੋਰ ਅਧਿਆਪਕ ਮੌਜੂਦ ਸਨ।