ਹਰੀਸ਼ ਕਾਲੜਾ
- ਵੰਨ ਸਟੌਪ ਸੈਂਟਰ 6 ਮਹੀਨੇ 'ਚ ਬਣ ਕੇ ਪੂਰਾ ਹੋਵੇਗਾ
ਰੂਪਨਗਰ, 14 ਅਗਸਤ 2020 - ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਵੱਲੋਂ ਅੱਜ ਸਿਵਲ ਹਸਪਤਾਲ ਰੂਪਨਗਰ ਵਿਖੇ ਨਵੇਂ ਬਣਾਏ ਜਾ ਰਹੇ ਵੰਨ ਸਟੌਪ ਸੈਂਟਰ (ੳ.ਐਸ.ਸੀ.) ਦਾ ਨੀਂਹ ਰੱਖਿਆ ਗਿਆ।ਇਸ ਮੌਕੇ ਸ਼੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਹ ਸੈਂਟਰ ਨੂੰ ਬਣਾਏ ਜਾਣ ਲਈ ਕੰਮ ਅਲਾਟ ਕੀਤਾ ਜਾ ਚੁੱਕਾ ਹੈ ਅਤੇ ਇਹ 6 ਮਹੀਨੇ ਦੇ ਅਰਸੇ ਵਿੱਚ ਬਣ ਕੇ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵੰਨ ਸਟੌਪ ਸੈਂਟਰ ਨੂੰ ਬਣਾਏ ਜਾਣ ਦੇ ਮਕਸਦ ਬਾਰੇ ਦੱਸਿਆ ਕਿਹਾ ਕਿ ਸਾਡੇ ਸਮਾਜ ਅੰਦਰ ਅਜੇ ਵੀ ਬੱਚੀਆਂ, ਮਹਿਲਾਵਾਂ ਨਾਲ ਕਈ ਤਰ੍ਹਾਂ ਦੀ ਹਿੰਸਾ ਅਤੇ ਵਿਤਕਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਦਾ ਉਦੇਸ਼ ਹਿੰਸਾ ਤੋ ਪ੍ਰਭਾਵਿਤ ਔਰਤਾਂ ਦੀ ਨਿਜੀ ਅਤੇ ਜਨਤਕ ਥਾਵਾਂ ਤੇ, ਪਰਿਵਾਰ ਅੰਦਰ, ਕਮਿਉਨਿਟੀ ਅਤੇ ਕੰਮ ਵਾਲੀ ਥਾਂ 'ਤੇ ਸਹਾਇਤਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ ਇੱਕ ਛੱਤ ਥੱਲੇ ਹੀ ਪੀੜਤ ਔਰਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਦੀ ਨਿਗਰਾਨੀ ਹੇਠ ਚੱਲਣ ਵਾਲੇ ਇਸ ਸੈਂਟਰ ਵਿੱਚ ਸਰੀਰਕ, ਜਿਨਸੀ, ਭਾਵਨਾਤਮਕ, ਮਾਨਸਿਕ ਅਤੇ ਆਰਥਿਕ ਸ਼ੋਸ਼ਣ ਦਾ ਸਾਹਮਣਾ ਕਰ ਰਹੀਆ, ਔਰਤਾਂ ਨੂੰ ਉਮਰ, ਵਰਗ, ਜਾਤੀ, ਸਿੱਖਿਆ ਦੀ ਸਥਿਤੀ, ਵਿਆਹੁਤਾ ਰੁਤਬਾ, ਜਾਤ ਅਤੇ ਸਭਿਆਚਾਰ ਦਾ ਭੇਦ ਕੀਤੇ ਬਿਨਾਂ ਸਹਾਇਤਾਂ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਜਿਨਸੀ ਸ਼ੋਸ਼ਣ, ਯੋਨ ਸ਼ੋਸ਼ਣ, ਘਰੇਲੂ ਹਿੰਸਾ, ਤਸਕਰੀ, ਸਨਮਾਨ ਨਾਲ ਜੁੜੇ ਜੁਰਮਾਂ, ਤੇਜਾਬੀ ਹਮਲਿਆਂ ਦੀ ਸ਼ਿਕਾਰ ਹੋਣ ਵਾਲੀਆਂ ਅਤੇ ਕਿਸੇ ਵੀ ਕਿਸਮ ਦੀ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਇੱਕੋ ਛੱਤ ਥੱਲੇ ਵਿਸ਼ੇਸ ਸੇਵਾਵਾਂ (ਸ਼ੇਲਟਰ, ਮੈਡੀਕਲ, ਸਾਇਕੋ ਕਾਉਨਸਲਿੰਗ, ਪੁਲਿਸ ਹੈਲਪ ਕਾਨੂੰਨੀ ਸਹਾਇਤਾ) ਪ੍ਰਦਾਨ ਕਰਨਾ ਇਸ ਸੈਂਟਰ ਨੂੰ ਬਣਾਏ ਜਾਣ ਦਾ ਮਨੋਰਥ ਹੈ।
ਇਸ ਸੈਂਟਰ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਜਿਕਰ ਕਰਦਿਆ ਉਨ੍ਹਾਂ ਕਿਹਾ ਕਿ ਹਿੰਸਾ ਤੋ ਪ੍ਰਭਾਵਿਤ ਔਰਤਾਂ ਨੂੰ ਇੱਕ ਛੱਤ ਦੇ ਹੇਠਾਂ ਨਿਜੀ ਏਕੀਕ੍ਰਿਤ ਸਹਾਇਤਾ, ਸ਼ੇਲਟਰ, ਮੈਡੀਕਲ, ਮਨੋਵਿਗਿਆਨਕ ਕਾਉਨਸਲਿੰਗ, ਪੁਲਿਸ ਹੈਲਪ ਕਾਨੂੰਨੀ ਸਹਾਇਤਾ, ਅਤੇ ਸਲਾਹ ਸਹਾਇਤਾਂ ਸਮੇਤ ਤੁਰੰਤ ਐਮਰਜੈਂਸੀ ਅਤੇ ਗੈਰ-ਐਮਰਜੈਂਸੀ ਪਹੁੰਚ ਦੀ ਸਹੁਲਤ ਦਿੱਤੀ ਜਾਵੇਗੀ ਅਤੇ ਸਹਾਇਤਾ ਲੈਣ ਵਾਲੀ ਔਰਤ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਭਾਰਤ ਸਰਕਾਰ ਵੱਲੋ ਔਰਤਾਂ ਅਤੇ ਬਾਲ ਵਿਕਾਸ ਮੰਤਰਾਲੇ (ਐਮਡਬਲਯੂਸੀਡੀ) ਵੱਲੋ ਜਿਲ੍ਹਾ ਰੂਪਨਗਰ ਵਿਖੇ ਵੰਨ ਸਟੌਪ ਸੈਂਟਰ ਬਿਲਡਿੰਗ ਦੀ ਉਸਾਰੀ ਲਈ 37.14 ਲੱਖ ਰੁਪਏ ਮਨਜ਼ੂਰ ਕਿਤੇ ਗਏ ਹਨ। ਜਿਸ ਨਾਲ ਸਿਵਲ ਹਸਪਤਾਲ ਰੂਪਨਗਰ ਵਿਖੇ ਵੰਨ ਸਟੌਪ ਸੈਟਰ ਤਿਆਰ ਕੀਤਾ ਜਾਣਾ ਹੈ। ਇਹ ਸੈਂਟਰ ਹਸਪਤਾਲ ਦੇ ਵਿੱਚ ਤਿਆਰ ਕੀਤਾ ਜਾਣਾ ਹੈ ਤਾਂ ਕੀ ਹਿੰਸਾ ਨਾਲ ਪ੍ਰਭਾਵਿਤ ਔਰਤਾਂ ਅਸਾਨੀ ਨਾਲ ਇੱਥੇ ਪਹੁੰਚ ਸਕਣ।