ਮਨਿੰਦਰਜੀਤ ਸਿੱਧੂ
ਜੈਤੋ, 3 ਸਤੰਬਰ 2020 - ਕਿਰਤੀ ਕਿਸਾਨ ਯੂਨੀਅਨ ਵੱਲੋਂ ਜੈਤੋ ਸਬ ਡਵੀਜਨ ਦਫਤਰ ਅੱਗੇ ਜੈਤੋ ਦੇ ੳੱਘੇ ਵਕੀਲ ਖਿਲਾਫ ਧਰਨਾ ਲਗਾਇਆ ਗਿਆ ਅਤੇ ਧਰਨੇ ਉਪਰੰਤ ਜੈਤੋ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ।ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਅਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਹੈ ਕਿ ਇਹ ਵਕੀਲ ਜੋ ਕਿ ਕਾਂਗਰਸ ਦਾ ਵੱਡਾ ਲੀਡਰ ਵੀ ਹੈ, ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਕਿਸਾਨ ਦੀ ਜਮੀਨ ਨਹੀਂ ਦੱਬੀ ਬੈਠਾ ਹੈ ਅਤੇ ਉਲਟਾ ਹੁਣ ਆਪਣੇ ਰਸੂਖ ਨਾਲ ਉਸੇ ਕਿਸਾਨ ਉੱਪਰ ਹੀ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ।ਉਹਨਾਂ ਕਿਹਾ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਮਸਲੇ ਦਾ ਸ਼ਾਂਤੀਪੂਰਵਕ ਹੱਲ ਕਰਵਾਉਣ ਲਈ ਗਏ ਕਿਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ੳੱੱਪਰ ਅਤੇ ਉਕਤ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਉੱਪਰ ਇੱਕ ਹੋਰ ਝੂਠਾ ਪਵਾ ਦਿੱਤਾ।ਆਗੂਆਂ ਨੇ ਕਿਹਾ ਕਿ ਜੈਤੋ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੀ ਕਾਂਗਰਸੀ ਲੀਡਰਾਂ ਦੀ ਕਠਪੁਤਲੀ ਬਣਿਆ ਹੋਇਆ ਹੈ।ਜ਼ਿਲ੍ਹਾ ਪ੍ਰਧਾਨ ਸਰਬਜੀਤ ਅਜਿੱਤਗਿੱਲ ਅਤੇ ਜਰਨਲ ਸਕੱਤਰ ਸਰਦੂਲ ਸਿੰਘ ਕਾਸਮ ਭੱਟੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਝੂਠੇ ਪਰਚਿਆਂ ਤੋਂ ਨਹੀਂ ਡਰਦੇ ਅਤੇ ਨਾ ਹੀ ਕਿਸੇ ਜਰਵਾਨੇ ਨੂੰ ਕਿਸੇ ਕਿਸਾਨ ਦਾ ਹੱਕ ਮਾਰਨ ਦੀ ਆਗਿਆ ਦੇਣਗੇ।ਉਹਨਾਂ ਕਿਹਾ ਕਿ ਜੇਕਰ ਜੈਤੋ ਦੇ ਸਿਵਲ ਪ੍ਰਸ਼ਾਸਨ ਨੇ ਜਲਦ ਇਹ ਮਸਲਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ ਅਤੇ ਇਸ ਸਭ ਦੀ ਜਿੰਮੇਵਾਰੀ ਜੈਤੋ ਦੇ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਹੋਰਨਾਂ ਦੇ ਇਲਾਵਾ ਅਮਰਜੀਤ ਹਨੀ,ਬਲਵਿੰਦਰ ਥਾਦੇਵਾਲਾ,ਗੁਰਜੋਤ ਡੋਡ,ਭਜਨ ਸਿੰਘ ਡਿੰਗੀ,ਜਗੀਰ ਸਿੰਘ ਖਾਲਸਾ ਆਦਿ ਨੇ ਵੀ ਸੰਬੋਧਨ ਕੀਤਾ।