ਬਿਨਾਂ ਨਾਂ ਲਏ ਅਕਾਲ ਤਖਤ ਦੇ ਜਥੇਦਾਰ ਨੇ ਬਾਦਲਾਂ ਨੂੰ ਦਿੱਤਾ ਵੱਡਾ ਸੰਦੇਸ਼, ਜਾਣੋ ਕੀ, ਅੰਦਰ ਝਾਤੀ ਮਾਰੋ
ਪਟਿਆਲਾ, 14 ਸਤੰਬਰ, 2020 : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਬਿਨਾਂ ਨਾਂ ਲਏ ਬਾਦਲਾਂ ਨੂੰ ਸਪਸ਼ਟ ਸੰਦੇਸ਼ ਦਿੱਤਾ ਕਿ ਜਿਹੜੀਆਂ ਪੰਥਕ ਸੰਸਥਾਵਾਂ 'ਤੇ ਸਥਾਪਿਤ ਧਿਰਾਂ ਨੇ ਉਹਨਾਂ ਲਈ ਸੁਨਹਿਰੀ ਅਵਸਰ ਕਿ ਸਵੈ ਪੜਚੋਲ ਕਰੇ ਤੇ ਜਿਥੇ ਕਿਤੇ ਕਮੀਆਂ ਰਹਿ ਗਈਆਂ ਹਨ, ਉਹਨਾਂ ਨੂੰ ਸੰਗਤੀ ਸੁਝਾਅ ਦੇ ਨਾਲ ਦੂਰ ਕਰਨ ਦਾ ਯਤਨ ਕਰੇ ਤਾਂ ਕਿ ਬੇਭਰੋਸੇਗੀ ਤੇ ਬੇਵਿਸ਼ਵਾਸ ਦੀ ਜਿਹੜੀ ਭਾਵਨਾ ਗੈਰ ਸਥਾਪਿਤ ਧੜਿਆਂ ਦੇ ਅੰਦਰ ਬਣ ਗਈ ਹੈ, ਉਹ ਦੂਰ ਹੋਵੇ ਤੇ ਅਸੀਂ ਇਕ ਦੂਜੇ ਦੇ ਨੇੜੇ ਆਈਏ।
ਇਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ 76ਵੇਂ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਸਿਆਸੀ ਵੱਖਰੇਵੇ ਸਨ ਤੇ ਰਹਿਣਗੇ ਪਰ ਸਿਆਸੀ ਵੱਖਰੇਵੇਂ ਇੰਨਾ ਨੁਕਸਾਨ ਨਹੀਂ ਕਰਦੇ ਜਿੰਨਾ ਸਿਧਾਂਤਕ ਵੱਖਰੇਵੇਂ ਕਰਦੇ ਹਨ। ਅੱਜ ਸਾਡੇ ਵਿਚ ਸਿਧਾਂਤਕ ਵੱਖਰੇਵੇਂ ਪੈਦਾ ਹੋਣੇ ਸ਼ੁਰੂ ਹੋ ਗਏ। ਬੇਸ਼ਵਿਸਵਾਸੀ ਤੇ ਬੇਭਰੋਸਗੀ ਦਾ ਮਾਹੌਲ ਬਣ ਗਿਆ ਹੈ।ਲੋੜ ਹੈ ਕਿ ਅਸੀਂ ਉਹਨਾਂ (ਗੈਰ ਸਥਾਪਿਤ ਧਿਰਾਂ) ਨੂੰ ਨਜ਼ਦੀਕ ਬਿਠਾਈਏ। ਉਹਨਾਂ ਕਿਹਾ ਕਿ ਬੇਵਿਸ਼ਵਾਸੀ ਦੀ ਇਹ ਭਾਵਨਾ ਖਤਮ ਕਰਨ ਦਾ ਇਕੋ ਤਰੀਕਾ ਹੈ ਕਿ ਸਥਾਪਿਤ ਧਿਰ ਗੈਰ ਸਥਾਪਿਤ ਧਿਰਾਂ ਨੂੰ ਆਪਣੇ ਕੋਲ ਬੁਲਾਵੇ, ਗੱਲਬਾਤ ਕਰੇ, ਉਹਨਾਂ ਦੇ ਪ੍ਰਸ਼ਨਾਂ ਦਾ ਪਾਰਦਰਸ਼ਤਾ ਨਾਲ ਉੱਤਰ ਦੇਵੇ।
ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਾਰਿਆਂ ਦਾ ਹੈ। ਇਕ ਦਿੱਲੀ ਦਾ ਤਖਤ ਹੈ ਤੇ ਇਕ ਸ੍ਰੀ ਅਕਾਲ ਤਖ ਸਾਹਿਬ ਹੈ। ਸ੍ਰੀ ਅਕਾਲ ਤਖਤ ਸਾਡਾ ਸਿੱਖਾਂ ਦਾ ਹੈ, ਸਾਡੇ ਦੱਬੇ ਕੁਚਲੇ ਕਿਸਾਨਾਂ ਤੇ ਮਜ਼ਦੂਰਾਂ ਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦਲਿਤ ਸਮਾਜ ਦਾ ਹੈ, ਜਿਹੜਾ ਕਦੇ ਸਾਡੇ ਅੰਗ ਹੋਇਆ ਕਰਦੇ ਸੀ, ਅੱਜ ਉਹ ਵੀ ਸਾਡੇ ਤੋਂ ਦੂਰੀ ਬਣਾ ਕੇ ਬੈਠਾ ਹੈ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਥੱਲੇ ਇਕੱਠੇ ਹੋ ਕੇ ਬੈਠੀਏ ਤੇ ਚਰਚਾ ਕਰੀਏ। ਉਹਨਾਂ ਕਿਹਾ ਕਿ ਫੈਡਰੇਸ਼ਨ ਵੀ ਕਈ ਧੜਿਆਂ ਵਿਚ ਵੰਡੀ ਹੋਈ ਹੈ, ਅਸੀਂ ਯਤਨ ਕਰੀਏ ਕਿ ਅਸੀਂ ਘੱਟੋ ਘੱਟ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਬੈਨਰ ਹੇਠ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਬੈਨਰ ਹੇਠ ਅਜਿਹਾ ਵਿਦਿਆਰਥੀਆਂ ਦਾ ਸਮੂਹ ਪੈਦਾ ਕਰੀਏ ਜਿਹੜਾ ਸਿਧਾਂਤਾਂ ਤੇ ਮਰਿਆਦਾ ਤੋਂ ਜਾਣੂ ਹੋਵੇ ਤੇ ਜਿਹੜਾ ਹੱਕਾਂ ਪ੍ਰਤੀ ਵੀ ਜਾਣੂ ਹੋਵੇ ਤੇ ਜਿਹੜਾ ਸਾਬਤ ਸੂਰਤ ਹੋਵੇ ਤੇ ਇਹ ਸਾਬਤ ਸੂਰਤ ਨੌਜਵਾਨ ਸਾਡਾ ਸਿੱਖ ਸਿਆਸਤ ਦਾ ਹਿੱਸਾ ਵੀ ਬਣੇ ਤੇ ਸਿੱਖ ਸਿਆਸਤ ਨੂੰ ਮਜ਼ਬੂਤ ਕਰੇ।
ਗਿਆਨੀ ਹਰਪ੍ਰੀਤ ਸਿੰਘ ਨੇ ਸਮਾਗਮ ਵਿਚ ਹਾਜ਼ਰ ਰਵਿੰਦਰ ਸਿੰਘ ਬ੍ਰਹਮਪੁਰਾ, ਬਲਜੀਤ ਸਿੰਘ ਦਾਦੂਵਾਲ, ਬਾਬਾ ਮਨਮੋਹਨ ਸਿੰਘ ਬਾਰਨ ਤੇ ਕੁਲਦੀਪ ਕੌਰ ਟੌਹੜਾ ਦਾ ਨਾਂ ਵੀ ਲਿਆ।