ਫ਼ੇਜ਼ 1 ਵਿਚ ਗਊਸ਼ਾਲਾ ਦੇ ਨਵੀਨੀਕਰਨ ਅਤੇ ਵਾਧੇ ਦਾ ਨੀਂਹ ਪੱਥਰ ਰੱਖਿਆ
ਗਊਸ਼ਾਲਾ ਦੇ ਵਾਧੇ ਨਾਲ ਸ਼ਹਿਰ ਵਾਸੀਆਂ ਨੂੰ ਸੜਕ ਹਾਦਸਿਆਂ ਅਤੇ ਟਰੈਫ਼ਿਕ ਜਾਮਾਂ ਤੋਂ ਮਿਲੇਗੀ ਭਾਰੀ ਰਾਹਤ : ਸਿੱਧੂ
ਕੋਰੋਨਾ ਵਾਇਰਸ ਮਹਾਂਮਾਰੀ ਦੇ ਬਾਵਜੂਦ ਮੋਹਾਲੀ ਹਲਕੇ ਵਿਚ ਜੰਗੀ ਪੱਧਰ 'ਤੇ ਚੱਲ ਰਹੇ ਹਨ ਵਿਕਾਸ ਕਾਰਜ
ਐਸ.ਏ.ਐਸ ਨਗਰ, 16 ਸਤੰਬਰ 2020: ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਮੋਹਾਲੀ ਸ਼ਹਿਰ ਵਿਚ ਵੱਖ-ਵੱਖ ਥਾਈਂ 1 ਕਰੋੜ 20 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਗੱਲਬਾਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੋਹਾਲੀ ਹਲਕੇ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ ਜਿਨ੍ਹਾਂ ਵਾਸਤੇ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾ ਰਹੀ। ਸਿਹਤ ਮੰਤਰੀ ਨੇ ਇੰਡਸਟਰੀਅਲ ਏਰੀਆ ਫ਼ੇਜ਼ 1 ਵਿਚ ਗਊਸ਼ਾਲਾ ਦੇ ਨਵੀਨੀਕਰਨ ਅਤੇ ਵਾਧੇ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਜਿਸ 'ਤੇ 30 ਲੱਖ ਰੁਪਏ ਦਾ ਖ਼ਰਚਾ ਆਵੇਗਾ। ਉਨ੍ਹਾਂ ਕਿਹਾ ਕਿ ਗਊਸ਼ਾਲਾ ਦੇ ਕੰਮ ਦੀ ਸ਼ੁਰੂਆਤ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਭਾਰੀ ਰਾਹਤ ਮਿਲੇਗੀ ਕਿਉਂਕਿ ਸ਼ਹਿਰ ਵਿਚ ਘੁੰਮਦੇ ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ ਅਤੇ ਸੜਕਾਂ 'ਤੇ ਟਰੈਫ਼ਿਕ ਜਾਮ ਵੀ ਲੱਗ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਮਟੌਰ ਵਿਚ ਆਵਾਰਾ ਪਸ਼ੂਆਂ ਕਾਰਨ ਦੋ ਧਿਰਾਂ ਵਿਚਾਲੇ ਝਗੜਾ ਹੋ ਜਾਣ ਕਾਰਨ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਸੀ ਅਤੇ ਸ. ਬਲਬੀਰ ਸਿੰਘ ਸਿੱਧੂ ਨੇ ਮੌਕੇ 'ਤੇ ਪਹੁੰਚ ਕੇ ਜਿਥੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿਤਾ ਸੀ, ਉਥੇ ਪਿੰੰਡ ਵਾਸੀਆਂ ਦਾ ਧਰਨਾ ਚੁਕਵਾਉਂਦਿਆਂ ਮਾਮਲੇ ਦਾ ਹੱਲ ਕੀਤਾ ਸੀ। ਸਿਹਤ ਮੰਤਰੀ ਨੇ ਕਿਹਾ ਕਿ ਇਸ ਗਊਸ਼ਾਲਾ ਦੇ ਨਵੀਨੀਕਰਨ ਨਾਲ ਜਿੱਥੇ ਆਵਾਰਾ ਘੁੰਮਦੀਆਂ ਗਊਆਂ ਦੀ ਸੰਭਾਲ ਹੋ ਸਕੇਗੀ, ਉਥੇ ਇਨ੍ਹਾਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਵੀ ਠੱਲ੍ਹ ਪਵੇਗੀ।
ਉਨ੍ਹਾਂ ਦਸਿਆ ਕਿ ਫ਼ੇਜ਼ 3 ਏ, 3ਬੀ1 ਟੀ ਜੰਕਸ਼ਨ 'ਤੇ ਫ਼ਰੈਫ਼ਿਕ ਲਾਈਟਾਂ ਲਾਈਆਂ ਜਾਣਗੀਆਂ ਜਿਸ 'ਤੇ 30 ਲੱਖ ਰੁਪਏ ਦਾ ਖ਼ਰਚਾ ਆਵੇਗਾ। ਇਸ ਤੋਂ ਇਲਾਵਾ ਵਾਰਡ ਨੰਬਰ 38 ਪਿੰਡ ਕੁੰਭੜਾ ਦੀ ਫਿਰਨੀ ਅਤੇ ਵੱਖ ਵੱਖ ਗਲੀਆਂ ਵਿਚ ਪੇਵਰ ਬਲਾਕ ਲਾਏ ਜਾਣਗੇ ਜਿਸ 'ਤੇ 30 ਲੱਖ ਰੁਪਏ ਦਾ ਖ਼ਰਚਾ ਆਵੇਗਾ। ਫ਼ੇਜ਼ 10 ਵਿਚ ਪੇਵਰ ਬਲਾਕ ਲਾਉਣ, ਫ਼ੇਜ਼ 11 ਵਿਚ ਪੇਵਰ ਬਲਾਕ ਅਤੇ ਕੁੱਝ ਘਰਾਂ ਦੇ ਨੇੜੇ ਗਰਿੱਲਾਂ ਲਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ ਜਿਸ 'ਤੇ 15 ਲੱਖ ਰੁਪਏ ਦੀ ਲਾਗਤ ਆਵੇਗੀ।
ਸਿਹਤ ਮੰਤਰੀ ਨੇ ਦਸਿਆ ਕਿ ਵੱਖ-ਵੱਖ ਸੁਸਾਇਟੀਆਂ ਦਾ ਵਿਕਾਸ ਵੀ ਉਨ੍ਹਾਂ ਦੀਆਂ ਅਹਿਮ ਤਰਜੀਹਾਂ ਵਿਚ ਸਾਮਲ ਹੈ। ਇਸੇ ਨੂੰ ਮੁੱਖ ਰੱਖਦਿਆਂ ਪਹਿਲੀ ਵਾਰ ਸੈਕਟਰ 68 ਦੀ ਪੰਚਮ ਸੁਸਾਇਟੀ ਵਿਚ ਵੱਖ ਵੱਖ ਵਿਕਾਸ ਕਾਰਜਾਂ ਲਈ 21 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ ਜਿਨ੍ਹਾਂ ਵਿਚ ਪੇਵਰ ਬਲਾਕ, ਐਲਈਡੀ ਲਾਈਟਾਂ ਆਦਿ ਲਾਉਣ ਦੇ ਕੰਮ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸਮੁੱਚੇ ਸ਼ਹਿਰ ਦੀ ਨੁਹਾਰ ਬਦਲਣ ਲਈ ਉਨ੍ਹਾਂ ਵਲੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਨਾਲ ਕਈ ਵਿਕਾਸ ਕਾਰਜ ਨੇਪਰੇ ਚੜ੍ਹ ਚੁੱਕੇ ਹਨ ਅਤੇ ਕਈ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ 'ਕੋਰੋਨਾ ਵਾਇਰਸ' ਮਹਾਂਮਾਰੀ ਕਾਰਨ ਆਰਥਕ ਤੰਗੀ ਹੋਣ ਦੇ ਬਾਵਜੂਦ ਵਿਕਾਸ ਕਾਰਜਾਂ ਲਈ ਪੂਰੇ ਫ਼ੰਡ ਦਿਤੇ ਜਾ ਰਹੇ ਹਨ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮਿਊਂਸਪਲ ਕਮਿਸ਼ਨਰ ਕਮਲ ਗਰਗ, ਮੁਕੇਸ਼ ਗਰਗ ਐਸ.ਈ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਨਛੱਤਰ ਸਿੰਘ, ਗੁਰਸਾਹਿਬ ਸਿੰਘ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਕਮਲਪ੍ਰੀਤ ਸਿੰਘ ਬਨੀ, ਰਾਜੇਸ਼ ਲਖੋਤਰਾ, ਜੰਗ ਬਹਾਦਰ ਸਿੰਘ ਕੁੰਭੜਾ, ਠੇਕੇਦਾਰ ਗੁਰਮੇਲ ਸਿੰਘ, ਪ੍ਰਕਾਸ਼ ਸ਼ਰਮਾ, ਗੁਰਮੀਤ ਸਿੰਘ ਬੈਦਵਾਨ, ਨਰੇਸ ਧੀਮਾਨ, ਡਿੰਪਲ ਸੱਭਰਵਾਲ, ਗੁਰਚਰਨ ਸਿੰਘ ਭੰਮਰਾ, ਹਰਪਾਲ ਸਿੰਘ ਸੋਢੀ, ਜਸਵਿੰਦਰ ਸ਼ਰਮਾ, ਰਾਜ ਕੁਮਾਰ ਸ਼ਾਹੀ, ਸਤੀਸ਼ ਸੈਣੀ ਐਕਸੀਅਨ, ਹਰਪ੍ਰੀਤ ਸਿੰਘ ਐਕਸੀਅਨ, ਰਾਜਵੀਰ ਸਿੰਘ ਐਕਸੀਅਨ, ਅਵਨੀਤ ਕੌਰ ਐਕਸੀਅਨ, ਸੁਨੀਲ ਸ਼ਰਮਾ ਐਸਡੀਓ, ਨੀਲਮ ਰਾਣੀ ਐਸਡੀਓ, ਸੁਖਵਿੰਦਰ ਸਿੰਘ ਐਸਡੀਓ, ਧਰਮਿੰਦਰ ਸਿੰਘ ਜੇਈ, ਪਵਨ ਕੁਮਾਰ ਜੇਈ ਆਦਿ ਮੌਜੂਦ ਸਨ।