ਜੀ ਐਸ ਪੰਨੂ
ਪਟਿਆਲਾ, 22 ਸਤੰਬਰ 2020 - ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਇੱਕ ਹੋਰ ਮਾਅਰਕਾ ਮਾਰਦਿਆਂ ਦੋ ਮਹੀਨਿਆਂ ਦੀ ਇੱਕ ਬੱਚੀ ਦਾ ਪਹਿਲੀ ਵਾਰ ਸਫ਼ਲਤਾ ਪੂਰਵਕ ਉਪਰੇਸ਼ਨ ਕਰਕੇ ਨੰਨ੍ਹੀ ਬੱਚੀ ਦੀ ਜਾਨ ਬਚਾਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਇੱਕ ਪਾਸੇ ਕੋਵਿਡ ਪੀੜਤ ਮਰੀਜ਼ਾਂ ਦੀ ਸਿਹਤਯਾਬੀ ਲਈ 24 ਘੰਟੇ ਨਿਰੰਤਰ ਯਤਨਸ਼ੀਲ ਹੈ ਪਰੰਤੂ ਨਾਲ ਹੀ ਹੰਗਾਮੀ ਹਾਲਤ 'ਚ ਇੱਥੇ ਪੁੱਜਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਵੀ ਸਿਰਤੋੜ ਯਤਨ ਕਰ ਰਿਹਾ ਹੈ।
ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਤੋਂ ਇੱਥੇ ਗੰਭੀਰ ਹਾਲਤ 'ਚ ਪੁੱਜੀ ਦੋ ਮਹੀਨਿਆਂ ਦੀ ਇਹ ਨੰਨ੍ਹੀ ਬੱਚੀ ਪੇਟ 'ਚ ਰੁਕਾਵਟ ਦੀ ਤਕਲੀਫ਼ ਸਹਿ ਰਹੀ ਸੀ। ਇਸ ਦੀ ਮੁਢਲੀ ਕਲਿਨੀਕਲ ਜਾਂਚ ਤੋਂ ਇਹ ਪਤਾ ਲੱਗਾ ਕਿ ਇਸ ਦੀ ਅੰਤੜੀ 'ਚ ਕੋਈ ਰੁਕਾਵਟ ਹੈ ਪਰੰਤੂ ਕਿਡਨੀ ਦੇ ਟੈਸਟ ਸਹੀ ਨਾ ਆਉਣ ਕਾਰਨ ਇਸ ਦਾ ਸੀ.ਟੀ. ਸਕੈਨ ਨਹੀਂ ਸੀ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਸ ਬੱਚੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਇਸ ਨੂੰ ਇਕਦਮ ਮੈਡੀਕਲ ਸਹਾਇਤਾ ਦੇ ਕੇ ਪੀਡੀਐਟ੍ਰਿਕ ਸਰਜਰੀ ਦੇ ਸਹਾਇਕ ਪ੍ਰੋਫੈਸਰ ਡਾ. ਰਵੀ ਕੁਮਾਰ ਗਰਗ ਦੀ ਟੀਮ ਵੱਲੋਂ ਸਰਜਰੀ ਕੀਤੀ ਗਈ। ਇਸ ਟੀਮ 'ਚ ਪ੍ਰੋਫੈਸਰ ਡਾ. ਪਰਮੋਦ ਕੁਮਾਰ ਤੇ ਐਨਸਥੀਸੀਆ ਦੇ ਸੀਨੀਅਰ ਰੈਜੀਡੈਂਟ ਡਾ. ਮਨਦੀਪ ਵੀ ਸ਼ਾਮਲ ਸਨ।
ਪ੍ਰਿੰਸੀਪਲ ਡਾ. ਸਿੰਗਲਾ ਨੇ ਦੱਸਿਆ ਕਿ ਇਸ ਬੱਚੀ ਦੀ ਸਰਜਰੀ ਦੌਰਾਨ ਡਾ. ਰਵੀ ਕੁਮਾਰ ਗਰਗ ਵੱਲੋਂ ਇਹ ਪਾਇਆ ਗਿਆ ਕਿ ਬੱਚੀ ਇੱਕ ਜਨਮ ਜਾਤ ਰੋਗ ਤੋਂ ਪੀੜਤ ਸੀ ਜਿਸ 'ਚ ਬੱਚੀ ਦੀ ਅੰਤੜੀ ਨੂੰ ਮਰੋੜੀ ਆਈ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਰੋਗ ਬੱਚੀ ਦੀ ਜਾਨ ਨੂੰ ਗੰਭੀਰ ਖ਼ਤਰਾ ਬਣ ਸਕਦਾ ਸੀ ਅਤੇ ਵਾਲਵੁਲਸ ਰੋਗ ਨੂੰ ਜਨਮ ਦੇ ਸਕਦਾ ਸੀ। ਅੰਤੜੀ 'ਚ ਮਰੋੜੀ ਪਈ ਹੋਣ ਨਾਲ ਅੰਤੜੀ 'ਚ ਖ਼ੂਨ ਜਾਣਾ ਰੁਕ ਜਾਂਦਾ ਹੈ ਅਤੇ ਜੇਕਰ ਇਸ ਨੂੰ ਸਰਜਰੀ ਕਰਕੇ ਕੁਝ ਸਮਾਂ ਹੋਰ ਠੀਕ ਨਾ ਕੀਤਾ ਜਾਂਦਾ ਤਾਂ ਇਹ ਗੈਂਗਰੀਨ ਬਣ ਸਕਦਾ ਸੀ ਜਿਸ ਕਰਕੇ ਬੱਚੀ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ।
ਇਸੇ ਦੌਰਾਨ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ ਨੇ ਅੱਗੇ ਦੱਸਿਆ ਕਿ ਇਸ ਬੱਚੀ ਦੀ ਜਾਨ ਨੂੰ ਬਚਾ ਲਿਆ ਗਿਆ ਹੈ ਅਤੇ ਹੁਣ ਇਸ ਨੂੰ ਬੱਚਿਆਂ ਦੇ ਵਿਭਾਗ ਦੇ ਪ੍ਰੋਫੈਸਰ ਡਾ. ਬਲਜਿੰਦਰ ਕੌਰ, ਐਸੋਸੀਏਟ ਪ੍ਰੋਫੈਸਰ ਡਾ. ਹਰਜਿੰਦਰ ਸਿੰਘ ਅਤੇ ਸੀਨੀਅਰ ਰੈਜੀਡੈਂਟ ਡਾ. ਦੀਕਸ਼ਾ ਸਿੰਗਲਾ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।