ਪੰਜਾਬ ਬੰਦ ਅੱਜ, ਹਰਿਆਣਾ, ਯੂ ਪੀ, ਰਾਜਸਥਾਨ, ਮੱਧ ਪ੍ਰਦੇਸ਼ ਤੇ ਕਰਨਾਟਕਾ ਦੇ ਕਿਸਾਨਾਂ ਵੱਲੋਂ ਬੰਦ ਰੱਖਣ ਦਾ ਐਲਾਨ
ਚੰਡੀਗੜ੍ਹ, 25 ਸਤੰਬਰ, 2020 : ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਵਿਚ 31 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ 25 ਸਤੰਬਰ ਨੂੰ ਪੰਜਾਬ ਮੁਕੰਮਲ ਤੌਰ 'ਤੇ ਬੰਦ ਰਹਿਣ ਦੇ ਆਸਾਰ ਹਨ। ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ ਵੱਖ ਰਾਜਸੀ ਪਾਰਟੀਆਂ, ਆੜਤੀਏ, ਮਜ਼ਦੂਰ, ਕਲਾਕਾਰ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੀ ਕਿਸਾਨਾਂ ਦੇ ਹੱਕ ਵਿਚ ਨਿਤਰ ਆਏ ਹਨ।
ਗਾਇਕ ਹਰਭਜਨ ਮਾਨ, ਹਰਜੀਤ ਹਰਮਨ ਸਮੇਤ ਕਈ ਹੋਰਨਾਂ ਵੱਲੋਂ ਅੱਜ ਕਿਸਾਨਾਂ ਨਾਲ ਧਰਨਿਆਂ 'ਤੇ ਸ਼ਮੂਲੀਅਤ ਕੀਤੀ ਜਾਵੇਗੀ।
ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰਾਜਸੀ ਆਗੂ ਉਹਨਾਂ ਦੇ ਧਰਨਿਆਂ ਵਿਚ ਤਾਂ ਸ਼ਾਮਲ ਹੋ ਸਕਦੇ ਹਨ ਪਰ ਉਹਨਾਂ ਨੂੰ ਸਟੇਜਾਂ ਤੋਂ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਵਰਕਰਾਂ ਨੂੰ ਕਿਸਾਨਾਂ ਦੇ ਇਕੱਠਾਂ ਵਿਚ ਜਾਣ ਵਾਸਤੇ ਕਿਹਾ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਸਵੇਰੇ 11.00 ਤੋਂ 2.00 ਵਜੇ ਤੱਕ ਤਿੰਨ ਘੰਟੇ ਲਈ 'ਚੱਕਾ ਜਾਮ' ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਅਜਮੇਰ ਸਿੰਘ ਲੱਖੋਵਾਲ ਲੁਧਿਆਣਾ 'ਚ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ ਦੇਣਗੇ ਜਦਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਬਲਬੀਰ ਸਿੰਘ ਸਮਰਾਲਾ ਤੇ ਰਾਜਪੁਰਾ ਸਮੇਤ ਵੱਖ ਵੱਖ ਥਾਵਾਂ 'ਤੇ ਧਰਨਿਆਂ ਵਿਚ ਸ਼ਮੂਲੀਅਤ ਕਰਨਗੇ।
ਸੂਬੇ ਦੇ ਹਾਲਾਤਾਂ ਨੂੰ ਵੇਖਦਿਆਂ ਰੇਲਵੇ ਨੇ ਇਸ ਪਾਸੇ ਆਉਣ ਵਾਲੀਆਂ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਪੰਜਾਬ ਵਿਚ ਅੱਜ ਜ਼ਰੂਰੀ ਵਸਤਾਂ ਦੀ ਸਪਲਾਈ ਬੁਰੀ ਤਰਾਂ ਪ੍ਰਭਾਵਤ ਹੋਣ ਦਾ ਖਦਸ਼ਾ ਹੈ।
ਇਸ ਦੌਰਾਨ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ਕੌਮੀ ਪੱਧਰ 'ਤੇ ਦੋ ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ ਤੇ 18 ਸਿਆਸੀ ਪਾਰਟੀਆਂ ਨੇ ਇਸ ਬੰਦ ਦੀ ਹਮਾਇਤ ਕੀਤੀ ਹੈ ਜਿਸ ਤਹਿਤ ਸਵੇਰੇ 10.00 ਤੋਂ ਸ਼ਾਮ 4.00 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ।