ਅਸ਼ੋਕ ਵਰਮਾ
ਮਾਨਸਾ, 26 ਸਤੰਬਰ 2020 - ਮਾਨਸਾ ’ਚ ਔਰਤ ਕਰਜਾ ਮੁਕਤੀ ਅੰਦੋਲਨ ਤਹਿਤ ਲੱਗਾ ਧਰਨਾ ਅੱਜ ਚੌਥੇ ਦਿਨ ਵਿੱਚ ਸਾਮਿਲ ਹੋ ਗਿਆ। ਧਰਨੇ ਦੀ ਅਗਵਾਈ ਰਾਜਵਿੰਦਰ ਕੌਰ, ਵਿੰਦਰ ਕੌਰ, ਸਰਬਜੀਤ ਕੌਰ, ਮਲਕੀਤ ਕੌਰ, ਜਸਵੀਰ ਕੌਰ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਸਵੀਰ ਕੌਰ ਨੱਤ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਦੇਸ ਦੇ ਵਿਕਾਸ ਵਿੱਚ ਹਿੱਸਾ ਪਾਉਣ ਵਾਲੀਆਂ ਅੱਧੀ ਆਬਾਦੀ ਔਰਤਾਂ ਫ਼ਾਇਨਾਸ ਕੰਪਨੀਆਂ ਦੇ ਵਿਛਾਏ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀਆਂ ਹਨ। ਕਰਜ਼ਾ ਉਤਾਰਨ ਲਈ ਕੰਪਨੀ ਦੇ ਮਾਲਕਾਂ ਤੇ ਮੁਲਾਜ਼ਮਾਂ ਦੀਆਂ ਡਿਫਾਲਟਰ ਕਰ ਦੇਣ ਦੀਆਂ ਧਮਕੀਆਂ ਰੋਜ਼ਾਨਾ ਫੋਨਾਂ ਰਾਹੀਂ ਸੁਣਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਚਲਦਿਆਂ ਅਜਿਹੀਆਂ ਹਾਲਤਾਂ ਨਾਲ ਨਿਪਟਣ ਲਈ ਸਰਕਾਰ ਵੱਲੋਂ ਇੰਨਾਂ ਔਰਤਾਂ ਲਈ ਘਰ ਬੈਠਿਆਂ ਰੁਜ਼ਗਾਰ ਦਾ ਪ੍ਰਬੰਧ ਕਰਨ ਦੀ ਅਣਸਰਦੀ ਲੋੜ ਹੈ।
ਉਹਨਾਂ ਕਿਹਾ ਕਿ ਸਮਾਜਿਕ ਢਾਂਚੇ ਨੂੰ ਸੰਜੋਈ ਖੜੀਆਂ ਔਰਤਾਂ ਹੁਨਰਮੰਦ ਕਾਮੇ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਕਾਰਨ ਰੋਜ਼ਾਨਾ ਸਰਮਾਏਦਾਰ ਰਾਜਨੀਤਕ ਪ੍ਰਬੰਧ ਵੱਲੋਂ ਪਿਛਾਂਹ ਧੱਕ ਕੇ ਜਲੀਲ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਹਰ ਅਦਾਰੇ ਨੂੰ ਪ੍ਰਾਈਵੇਟ ਕਰਨ ਵਿੱਚ ਲੱਗੀ ਕੇਂਦਰ 'ਤੇ ਪੰਜਾਬ ਸਰਕਾਰ ਹੱਥੀਂ ਕਾਰਜ ਸੁਰੂ ਕਰਨ ਲਈ ਇੱਕ ਲੱਖ ਰੁਪਏ ਦੀ ਲਿਮਟ ਬਣਾਕੇ ਦੇਵੇ ਤੇ ਘਰ ਦੇ ਕੰਮ ਨੂੰ ਸਨਮਾਨ ਦਿੰਦਿਆਂ ਹਰ ਔਰਤ ਨੂੰ ਘੱਟੋ-ਘੱਟ 5 ਹਜਾਰ ਰੁਪਏ ਮਾਣ ਭੱਤਾ ਦੇਣ ਦਾ ਅਹਿਮ ਕਾਰਜ ਕਾਨੂੰਨ ਦੇ ਘੇਰੇ ਵਿੱਚ ਲੈ ਕੇ ਆਵੇ। ਉਹਨਾਂ ਡਿਗਰੀਆਂ ਹਾਸਲ ਕਰ ਚੁੱਕੀਆਂ ਔਰਤਾਂ ਲਈ “ਰੁਜ਼ਗਾਰ ਗਾਰੰਟੀ ਐਕਟ“ ਬਣਾ ਰੁਜ਼ਗਾਰ ਦੇਣ ਦੀ ਮੰਗ ਕੀਤੀ ਤੇ ਤਦ ਤੱਕ ਬੇਰੁਜ਼ਗਾਰੀ ਭੱਤਾ ਜਾਰੀ ਕਰਨ ਦੀ ਮੰਗ ਰੱਖੀ। ਉਹਨਾਂ ਕਿਹਾ ਕਿ ਕਰਜਾ ਮੁਆਫੀ ਤੱਕ ਔਰਤਾਂ ਵੱਲੋਂ ਸ਼ੁਰੂ ਕੀਤਾ ਸੰਘਰਸ਼ ਜਾਰੀ ਰਹੇਗਾ। ਸੀ ਪੀ ਆਈ (ਐਮ. ਐਲ)ਲਿਬਰੇਸ਼ਨ ਵੱਲੋਂ ਅਗਲੇਰੇ ਪੜਾਅ ਵਜੋਂ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ।