ਹਰਜਿੰਦਰ ਸਿੰਘ ਭੱਟੀ
- ਸ਼ਾਮ 07:00 ਵਜੇ ਤੋਂ ਸਵੇਰੇ 09:00 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ ’ਤੇ ਹੋਵੇਗੀ ਪਾਬੰਦੀ
- ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਕੰਬਾਇਨ ਹਰਵੈਸਟਰ ਸੁਪਰ ਐਸ.ਐਮ.ਐਸ ਲਗਾਏ ਬਗੈਰ ਨਾ ਵਰਤਣ ਦੇ ਆਦੇਸ਼ ਜਾਰੀ
ਐਸ.ਏ.ਐਸ ਨਗਰ, 26 ਸਤੰਬਰ 2020 - ਜ਼ਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗਿਰੀਸ਼ ਦਿਆਲਨ ਨੇ ਫੌਜਦਾਰੀ ਸੰਘਤਾ 1973 ( 2 ਆਫ 1974 ) ਦੀ ਧਾਰਾ 144 ਅਧੀਨ ਜ਼ਿਲਾ ਸਾਹਿਬਜ਼ਦਾ ਅਜੀਤ ਸਿੰਘ ਨਗਰ ਦੀ ਹਦੂਦ ਅੰਦਰ ਝੋਨੇ ਦੀ ਰਹਿੰਦ ਨੂੰ ਅੱਗ ਲਗਾਉਣ ਤੇ ਪਾਬੰਦੀ ਲਾ ਦਿੱਤੀ ਹੈ । ਹੁਕਮਾਂ ’ਚ ਕਿਹਾ ਗਿਆ ਹੈ ਕਿ ਆਮ ਤੌਰ ਤੇ ਜਿੰਮੀਦਾਰ ਝੋਨੇ ਦੀ ਕਟਾਈ ਤੋਂ ਬਾਅਦ ਬਚ ਗਈ ਰਹਿੰਦ ਨੂੰ ਖੇਤਾਂ ਵਿੱਚ ਅੱਗ ਲਗਾ ਦਿੰਦੇ ਹਨ, ਜਿਸ ਦੇ ਫਲਸਰੂਪ ਇਸ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਅਤੇ ਮਿੱਟੀ ਦੀ ਉਪਜਾਊ ਤਾਕਤ ਦਾ ਨੁਕਸਾਨ ਹੁੰਦਾ ਹੈ। ਫਸਲਾਂ ਦੀ ਰਹਿੰਦ ਨੂੰ ਸਾੜਨ ਨਾਲ ਇਸ ਵਿਚੋਂ ਨਿਕਲਣ ਵਾਲੀਆਂ ਹਾਨੀਕਾਰਕ ਗੈਸਾਂ ਤੋਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਣ ਲਈ ਇਸ ਤੇ ਰੋਕ ਲਗਾਉਣਾ ਜ਼ਰੂਰੀ ਹੈ।
ਇਹ ਹੁਕਮ ਵੀ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਸਥਾਨ ਤੇ ਕਿਸੇ ਵੀ ਹਾਲਤ ਵਿੱਚ ਕੰਬਾਇਨ ਮਾਲਕਾਂ ਵੱਲੋਂ ਸ਼ਾਮ ਸਮੇਂ 07:00 ਵਜੇ ਤੋਂ ਸਵੇਰੇ 09:00 ਵਜੇ ਤੱਕ ਝੋਨੇ ਦੀ ਕਟਾਈ ਕਰਨ ’ਤੇ ਪਾਬੰਦੀ ਹੈ। ਹੁਕਮਾਂ ਵਿੱਚ ਕਿਹਾ ਗਿਆ ਕਿ ਆਮ ਤੌਰ ਤੇ ਝੋਨੇ ਦੀ ਕਟਾਈ ਕੰਬਾਇਨਾਂ ਨਾਲ ਕੀਤੀ ਜਾਂਦੀ ਹੈ ਅਤੇ ਜਿਮੀਦਾਰਾਂ ਵੱਲੋਂ ਜਦੋਂ ਵੀ ਕੰਬਾਇਨ ਉਪਲੱਬਧ ਹੁੰਦੀ ਹੈ, ਉਸ ਸਮੇਂ ਝੋਨੇ ਦੀ ਕਟਾਈ ਕਰ ਲਈ ਜਾਂਦੀ ਹੈ ਭਾਵੇਂ ਉਸ ਵੇਲੇ ਰਾਤ ਹੋਵੇ।
ਫਸਲ ਦੀ ਕਟਾਈ ਲਈ ਰਾਤ ਨੂੰ ਕੰਬਾਈਨਾ ਚਲਾਉਣ ਨਾਲ ਹਾਦਸੇ ਵਾਪਰਨ ਦਾ ਖਤਰਾ ਵੱਧ ਜਾਂਦਾ ਹੈI ਇਸ ਤੋਂ ਇਲਾਵਾ ਝੋਨੇ ਦੀ ਫਸਲ ਤੇ ਰਾਤ ਨੂੰ ਤਰੇਲ ਪੈਣ ਅਤੇ ਬੇਮੌਸਮੀ ਬਰਸਾਤ ਕਾਰਨ ਝੋਨਾ ਸਿੱਲਾ ਹੋ ਜਾਂਦਾ ਹੈI ਇਹ ਕੰਬਾਇਨਾ ਜਦੋਂ ਰਾਤ ਵੇਲੇ ਝੋਨੇ ਦੀ ਕਟਾਈ ਕਰਦੀਆਂ ਹਨ ਤਾਂ ਜਿਹੜੀ ਫਸਲ ਚੰਗੀ ਤਰ੍ਹਾਂ ਸੁੱਕੀ ਨਹੀਂ ਹੁੰਦੀ ਭਾਵ ਦਾਣਾ ਕੱਚਾ ਅਤੇ ਹਰਾ ਹੁੰਦਾ ਹੈ ਅਤੇ ਅਜਿਹਾ ਕਰਨ ਨਾਲ ਝੋਨੇ ਵਿੱਚ ਨਮੀ ਹੋਣ ਕਾਰਨ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੈ ਅਤੇ ਉਸ ਦਾ ਦੇਸ਼ ਦੇ ਉਤਪਾਦਨ ਤੇ ਵੀ ਅਸਰ ਪੈਂਦਾ ਹੈI ਇਸ ਤਰ੍ਹਾਂ ਝੋਨੇ ਵਿੱਚ ਨਮੀ ਸਰਕਾਰ ਦੀਆਂ ਨਿਰਧਾਰਿਤ ਕੀਤੀਆਂ ਸਪੈਸੀਫਿਕੇਸ਼ਨ ਤੋਂ ਉਪਰ ਹੁੰਦੀ ਹੈ ਅਤੇ ਖਰੀਦ ਏਜੰਸੀਆਂ ਉਸ ਝੋਨੇ ਨੂੰ ਖਰੀਦਣ ਤੋਂ ਅਸਮਰਥ ਹੁੰਦੀਆਂ ਹਨI ਜਿਸ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਖਜਲ ਖੁਆਰੀ ਤੋਂ ਇਲਾਵਾ ਅਮਨ ਕਾਨੂੰਨ ਦੀ ਸਥਿਤੀ ਦੇ ਵਿਗੜਨ ਦੇ ਆਸਾਰ ਵੱਧ ਜਾਂਦੇ ਹਨI
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ ਹੁਕਮ ਵੀ ਜਾਰੀ ਕੀਤੇ ਗਏ ਹਨ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਝੋਨੇ ਦੀ ਕਟਾਈ ਸਮੇਂ ਕੋਈ ਵੀ ਕੰਬਾਇਨ ਹਰਵੈਸਟਰ ਸੁਪਰ ਐਸ.ਐਮ.ਐਸ ਲਗਾਏ ਬਗੈਰ ਨਹੀ ਵਰਤਿਆ ਜਾਵੇਗਾ। ਇਹ ਹੁਕਮ 23 ਨਵੰਬਰ 2020 ਤੱਕ ਲਾਗੂ ਰਹਿਣਗੇ ।