ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਰਵਿੰਦਪਾਲ ਸਿੰਘ ਸੰਧੂ ਸਬੰਧਤ ਅਧਿਕਾਰੀਆਂ ਦੀ ਬੈਠਕ ਲੈਂਦੇ ਹੋਏ
ਜਗਦੀਸ਼ ਥਿੰਦ
ਫਾਜ਼ਿਲਕਾ, 29 ਸਤੰਬਰ
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਇੱਥੇ ਕਬੰਾਇਨ ਮਾਲਕਾਂ ਨਾਲ ਇਕ ਬੈਠਕ ਕਰਕੇ ਉਨਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਨੈਸ਼ਨਲ ਗ੍ਰੀਨ ਟਿ੍ਰਊਨਲ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਗਿਆ ਕਿ ਇਸ ਵਾਰ ਬਿਨਾ ਸੁਪਰ ਐਸਐਮਐਸ ਲੱਗੀ ਕੰਬਾਇਨ ਨਾਲ ਝੋਨੇ ਦੀ ਵੱਢਾਈ ਦੀ ਆਗਿਆ ਨਹੀਂ ਹੋਵੇਗੀ। ਉਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਕੰਬਾਇਨ ਜਿਸ ਦੇ ਸੁਪਰ ਐਸਐਮਐਸ ਨਾ ਲੱਗਿਆ ਹੋਇਆ ਤਾਂ ਉਸਨੂੰ ਜਬਤ ਕਰ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਇਸ ਮੌਕੇ ਕੰਬਾਇਨ ਮਾਲਕਾਂ ਨੂੰ ਕਿਹਾ ਕਿ ਸਰਕਾਰ ਵੱਲੋਂ ਸੁਪਰ ਐਸਐਮਐਸ ਲਗਾਉਣ ਲਈ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਇਹ ਯੰਤਰ ਲਗਵਾਉਣ ਲਈ ਸਰਕਾਰੀ ਸਬਸਿਡੀ ਲੈਣੀ ਚਾਹੁੰਦੇ ਹਨ ਉਹ 30 ਸਤੰਬਰ 2020 ਦਿਨ ਬੁੱਧਵਾਰ ਤੱਕ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਵਿਚ ਸਾਦੇ ਕਾਗਜ ਤੇ ਅਰਜੀ ਦੇ ਸਕਦੇ ਹਨ। ਉਨਾਂ ਨੇ ਕਿਹਾ ਕਿ ਹੁਣ ਤੱਕ ਇਸ ਸਬੰਧੀ ਜਿੰਨੀਆਂ ਵੀ ਅਰਜੀਆਂ ਪ੍ਰਾਪਤ ਹੋਈਆਂ ਸਨ ਸਭ ਦੇ ਕੇਸ ਸਬਸਿਡੀ ਲਈ ਪਾਸ ਕਰ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਾਲ ਕਰੋਨਾ ਮਹਾਂਮਾਰੀ ਦੇ ਚਲਦਿਆਂ ਧੂੰਆਂ ਕਰੋਨਾ ਮਰੀਜਾਂ ਲਈ ਬਹੁਤ ਘਾਤਕ ਹੋ ਸਕਦਾ ਹੈ। ਇਸ ਲਈ ਜਰੂਰੀ ਹੈ ਕਿ ਅਸੀਂ ਆਪਣੇ ਮਨੁੱਖਤਾ ਪ੍ਰਤੀ ਫਰਜਾਂ ਨੂੰ ਸਮਝਦਿਆਂ ਪਰਾਲੀ ਨੂੰ ਅੱਗ ਨਾ ਲਗਾਈਏ। ਉਨਾਂ ਨੇ ਕੰਬਾਇਨ ਮਾਲਕਾਂ ਨੂੰ ਰਾਤ ਸਮੇਂ ਝੋਨੇ ਦੀ ਕਟਾਈ ਨਾ ਕਰਨ ਅਤੇ ਗਿੱਲੇ ਝੋਨੇ ਦੀ ਕਟਾਈ ਵੀ ਨਾ ਕਰਨ ਦੀ ਹਦਾਇਤ ਕੀਤੀ।
ਮੁੱਖ ਖੇਤੀਬਾੜੀ ਅਫ਼ਸਰ ਸ: ਸੁਰਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਕੰਬਾਇਨ ਮਾਲਕਾਂ, ਕਿਸਾਨਾਂ ਦੀ ਅਗਵਾਈ ਲਈ ਤਿਆਰ ਹੈ। ਕਿਸਾਨ ਪਰਾਲੀ ਪ੍ਰਬੰਧਨ ਸਬੰਧੀ ਕਿਸੇ ਵੀ ਮੁਸਕਿਲ ਦੇ ਹੱਲ ਲਈ ਆਪਣੇ ਬਲਾਕ ਖੇਤੀਬਾੜੀ ਦਫ਼ਤਰਾਂ ਨਾਲ ਰਾਬਤਾ ਕਰ ਸਕਦੇ ਹਨ। ਜ਼ਿਲਾ ਨੋਡਲ ਅਫ਼ਸਰ ਸ੍ਰੀ ਸਰਵਣ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਕਿਸਾਨ ਹੈਲਪਲਾਈਨ ਨੰਬਰ 1800-180-1551 ਤੇ ਵੀ ਕਾਲ ਕਰਕੇ ਜਾਣਕਾਰੀ ਲੈ ਸਕਦੇ ਹਨ।
ਇਸ ਮੌਕੇ ਐਸ.ਪੀ. ਸ: ਇਕਬਾਲ ਸਿੰਘ, ਖੇਤੀਬਾੜੀ ਅਫ਼ਸਰ ਸ: ਪਰਮਿੰਦਰ ਸਿੰਘ ਆਦਿ ਵੀ ਹਾਜਰ ਸਨ।