ਹਰੀਸ਼ ਕਾਲੜਾ
- ਮੰਡੀਆਂ ਵਿਚ ਕਿਸਾਨਾਂ ਦੇ ਝੋਨੇ ਦਾ ਇੱਕ ਇੱਕ ਦਾਣਾ ਖ਼ਰੀਦਿਆ ਜਾਵੇਗਾ-ਹਰਬੰਸ ਲਾਲ ਮਹਿੰਦਲੀ
- ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਥਾਂ ਖੇਤਾਂ ਵਿੱਚ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ-ਚੇਅਰਮੈਨ
ਕੀਰਤਪੁਰ ਸਾਹਿਬ, 29 ਸਤੰਬਰ 2020 - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਾਣਾ ਮੰਡੀਆਂ ਚੋਂ ਕਿਸਾਨਾਂ ਦੇ ਝੋਨੇ ਦਾ ਇੱਕ ਇੱਕ ਦਾਣਾ ਖ਼ਰੀਦਿਆ ਜਾਵੇਗਾ। ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿਤੀ ਜਾਵੇਗੀ। ਪੰਜਾਬ ਸਰਕਾਰ ਕਿਸਾਨਾਂ ਤੋਂ ਵਾਤਾਵਰਣ ਅਤੇ ਪੋਣ ਪਾਣੀ ਦੀ ਸਾਂਭ ਸੰਭਾਲ ਲਈ ਪੂਰੇ ਸਹਿਯੋਗ ਚਾਹੁੰਦੀ ਹੈ ਇਸ ਲਈ ਕਿਸਾਨ ਵੀਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸਕਤੀ ਵਧਾਉਣ ਕਿਉਂਕਿ ਫਸਲਾਂ ਦੇ ਰਹਿੰਦ ਖੂੰਹਦ ਅਤੇ ਪਰਾਲੀ ਨੂੰ ਸਾੜਨ ਨਾਲ ਜਮੀਨ ਦੀ ਉਪਜਾਊ ਸਕਤੀ ਵੀ ਘੱਟ ਜਾਂਦੀ ਹੈ।
ਇਸ ਗੱਲ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਮਹਿੰਦਲੀ ਵੱਲੋਂ ਦਾਣਾ ਮੰਡੀ ਕੀਰਤਪੁਰ ਸਾਹਿਬ ਵਿਖੇ ਅੱਜ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਵਾਉਂਦੇ ਹੋਏ ਅਤੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਕੀਤਾ।
ਹਰਬੰਸ ਲਾਲ ਮਹਿੰਦਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 27 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿਤੀ ਗਈ ਹੈ । ਕੀਰਤਪੁਰ ਸਾਹਿਬ ਵਿੱਚ ਵੀ ਝੋਨੇ ਦੀ ਖਰੀਦ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀ ਵਿਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਸਾਫ ਸੁਧਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਤੋਂ ਇਲਾਵਾ ਬੈਠਣ ਦਾ ਪ੍ਰਬੰਧ, ਰੋਸ਼ਨੀ ਦਾ ਪ੍ਰਬੰਧ,ਮੀਂਹ ਦੌਰਾਨ ਫਸਲ ਨੂੰ ਸਾਂਭਣ ਲਈ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਹਰਬੰਸ ਲਾਲ ਮਹਿੰਦਲੀ ਨੇ ਦੱਸਿਆ ਕਿ ਕੋਵਿਡ 19 ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।ਝੋਨੇ ਦੀ ਖਰੀਦ ਤੋਂ ਪਹਿਲਾਂ ਮੰਡੀ ਨੂੰ ਸੈਨੇਟਾਈਜ ਕੀਤਾ ਗਿਆ ਹੈ। ਮੰਡੀਆਂ ਵਿਚ ਫਸਲ ਸੁੱਟਣ ਲਈ 30 ਗੁਣਾ 30 ਦੇ ਬਲਾਕ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਆੜ੍ਹਤੀਆਂ ਨੂੰ ਰੁਟੀਨ ਅਨੁਸਾਰ ਪਰਮਿਟ ਜਾਰੀ ਕੀਤੇ ਜਾਣਗੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਝੋਨੇ ਦਾ ਜੋ ਸਰਕਾਰੀ ਰੇਟ ਰੱਖਿਆ ਗਿਆ ਹੈ। ਉਹ ਇਸ ਤੋਂ ਘੱਟ ਕਿਸੇ ਨੂੰ ਵੀ ਆਪਣੀ ਫਸਲ ਨਾ ਵੇਚਣ ਅਤੇ ਮੰਡੀ ਵਿਚ ਸੁੱਕਾ ਝੋਨਾ ਲਿਆਂਦਾ ਜਾਵੇ।
ਇਸ ਮੋਕੇ ਮਾਰਕਫੈੱਡ ਦੇ ਇੰਸਪੈਕਟਰ ਧਰਮਿੰਦਰ ਚੌਧਰੀ, ਆੜ੍ਹਤੀ ਪ੍ਰਿਤਪਾਲ ਸਿੰਘ ਕੂਨਰ, ਯੋਗੇਸ਼ ਭੱਲਾ, ਰਾਧੇ ਸਿਆਮ ਅਗਰਵਾਲ, ਧਰਮਪਾਲ ਕੌੜਾ, ਅਮਰੀਸ਼ ਅਗਰਵਾਲ ਆਦਿ ਹਾਜਰ ਸਨ।