ਲੁਧਿਆਣਾ, 30 ਸਤੰਬਰ 2020: ਲੋਕ ਰਿਨਸਾਫ ਪਾਰਟੀ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ ਹੈ। ਲੋਕ ਇਨਸਾਫ ਪਾਰਟੀ ਖੇਤੀ ਸੁਧਾਰ ਕਾਨੂੰਨ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਲੋਕ ਸਭਾ ਮੈਂਬਰ ਸੋਮ ਨਾਥ ਅਤੇ ਸੰਨੀ ਦਿਓਲ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਸਮੇਤ ਹੋਰ ਅਹੁਦੇਦਾਰਾਂ ਦੀ ਜਮੀਰ ਨੂੰ ਹਲੂਣਾ ਦੇਣ ਜਾ ਰਹੀ। ਲੋਕ ਇਨਸਾਫ ਪਾਰਟੀ ਬੀਜੇਪੀ ਲੀਡਰਾਂ ਦੇ ਘਰ ਜਾ ਕੇ ਯਾਦ ਦੁਆਉਣਗੇ ਕਿ ਤੁਸੀਂ ਪੰਜਾਬੀ ਪਹਿਲਾਂ ਹੋ ਅਤੇ ਭਾਜਪਾਈ ਬਾਦ ਵਿਚ। ਜਿਸ ਦੇ ਤਹਿਤ 3 ਅਕਤੂਬਰ ਨੂੰ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਰਿਹਾਇਸ਼ ਤੇ ਲੋਕ ਇਨਸਾਫ ਪਾਰਟੀ ਦੇ ਸਿਰਫ ਅਹੁਦੇਦਾਰ ਹੀ ਜਾਣਗੇ। ਬੈਂਸ ਨੇ ਕਿਹਾ ਕਿ ਪੰਜਾਬ ਵਿਚ ਲੁੱਟ ਖੋਹ ਕਰਨ ਲਈ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਭਾਜਪਾ ਦਾ ਸਹਾਰਾ ਲੈ ਰਿਹਾ ਸੀ, ਪ੍ਰੰਤੂ ਕੇਂਦਰ ਸਰਕਾਰ ਵਿਚ ਉਨ੍ਹਾਂ ਦੀ ਹੈਸੀਅਤ ਇਕ ਚਪੜਾਸੀ ਵਾਂਗ ਸੀ। ਭਾਜਪਾ ਆਗੂਆਂ ਨੂੰ ਕਿਹਾ ਜਾਵੇਗਾ ਕਿ ਹੁਣ ਤਾਂ ਉਹ ਤੁਹਾਡੇ ਤੋਂ ਅੱਡ ਹੋ ਗਏ ਹਨ ਇਸ ਲਈ ਤੁਸੀਂ ਜਿਹੜੀ ਜ਼ਮੀਨ ਦੀ ਫਸਲ ਖਾਧੀ ਹੈ, ਜਿਹੜੀ ਧਰਤੀ ਦਾ ਪਾਣੀ ਪੀਤਾ ਹੈ ਅਤੇ ਜਿਹੜੇ ਕਿਸਾਨਾਂ ਨੇ ਮਿੱਟੀ ਨਾਲ ਮਿੱਟੀ ਹੁੰਦੇ ਹੋਏ ਸਾਰੀਆਂ ਫਸਲਾਂ ਤੁਹਾਨੂੰ ਮੁਹਈਆ ਕਰਵਾਈਆਂ ਹਨ ਉਸ ਸਬੰਧੀ ਤੁਸੀਂ ਦਿੱਲੀ ਜਾ ਕੇ ਕੇਂਦਰ ਸਰਕਾਰ ਤੇ ਜੋਰ ਪਾ ਕੇ ਕਿਸਾਨ ਵਿਰੋਧੀ ਕਾਨੂੰਨ ਨੂੰ ਵਾਪਸ ਲੈਣ ਲਈ ਮਜ਼ਬੂਰ ਕਰ ਦਿਓ।
ਬੈਂਸ ਨੇ ਕਿਹਾ ਇਸ ਕਾਨੂੰਨ ਨਾਲ ਕਿਸਾਨ ਹੀ ਨਹੀਂ ਵਪਾਰੀ ਵੀ ਤਬਾਹ ਹੋ ਜਾਵੇਗਾ। ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਸੋਚਦੀ ਹੈ ਕਿ ਪੰਜਾਬ ਵਿਚ ਸਿਰਫ 13 ਲੋਕ ਸਭਾ ਦੀਆਂ ਸੀਟਾਂ ਹਨ ਪਰ ਉਨ੍ਹਾਂ ਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਵਾਸੀਆਂ ਨੇ ਦਿੱਤੀਆਂ ਹਨ ਅਤੇ ਪੂਰੇ ਦੇਸ਼ ਦਾ ਢਿੱਡ ਭਰਨ ਦੀ ਸਮਰੱਥਾ ਰੱਖਦਾ ਹੈ। ਬੈਂਸ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਤੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦਾ ਇਲਜਾਮ ਲਾਇਆ। ਬੈਂਸ ਨੇ ਦਾਅਵਾ ਕੀਤਾ ਕਿ ਲੋਕ ਇਨਸਾਫ ਪਾਰਟੀ ਕਿਸਾਨ ਅੰਦੋਲਨ ਦੇ ਨਾਲ ਹੈ ਅਤੇ ਉਹ ਕਿਸਾਨਾ ਦੇ ਹਰੇਕ ਸੰਘਰਸ਼ ਵਿਚ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ।