ਬੀ ਕੇ ਯੂ ਏਕਤਾ ਉਗਰਾਹਾਂ ਨੇ ਰੇਲ ਰੋਕੋ ਵਾਪਸ ਲਿਆ - ਬੀ ਜੇ ਪੇ ਆਗੂਆਂ ਦੇ ਦਰਾਂ ਤੇ ਧਰਨੇ ਸ਼ੁਰੂ
ਚੰਡੀਗੜ੍ਹ,13 ਅਕਤੂਬਰ , 2020: ਬੀ ਕੇ ਯੂ ਏਕਤਾ ਉਗਰਾਹਾਂ ਨੇ ਰੇਲ ਰੋਕੋ ਖ਼ਤਮ ਕਰਨ ਦਾ ਐਲਾਨ ਕੀਤਾ ਹੈ.ਇਸ ਦੀ ਥਾਂ ਇਸ ਜਥੇਬੰਦੀ ਨੇ ਉਨ੍ਹਾਂ ਹੀ ਸ਼ਹਿਰਾਂ 'ਚ ਬੀ ਜੇ ਪੀ ਆਗੂਆਂ ਦੇ ਦਰਾਂ ਤੇ ਜਾ ਬੈਠੇ ਹਨ. ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਜਥੇਬੰਦੀ ਦੀ ਸੂਬਾ ਕਮੇਟੀ ਨੇ ਕਿਹਾ ਹੈ ਕਿ ਤਿੰਨ ਰੇਲਵੇ ਲਾਈਨਾਂ ਤੋਂ ਧਰਨਿਆਂ ਦੀ ਤਬਦੀਲੀ ਸੰਘਰਸ਼ ਦਾਬ ਨੂੰ ਹੋਰ ਵਧਾਉਣ ਲਈ ਕੀਤੀ ਗਈ ਹੈ ਨਾ ਕਿ ਸੰਘਰਸ਼ ਨੂੰ ਢਿੱਲ ਦੇਣ ਲਈ। ਕਿਉਂਕਿ ਇਹ ਇਕੱਠ ਉੱਠ ਕੇ ਘਰਾਂ ਨੂੰ ਨਹੀਂ ਗਏ ਸਗੋਂ ਉਨ੍ਹਾਂ ਹੀ ਸ਼ਹਿਰਾਂ ਬੀ ਜੇ ਪੀ ਆਗੂਆਂ ਦੇ ਦਰਾਂ ਤੇ ਜਾ ਬੈਠੇ ਹਨ। ਮੋਦੀ ਹਕੂਮਤ ਤੇ ਦਬਾਅ ਨੂੰ ਹੋਰ ਵਧਾਉਣ ਲਈ ਭਾਜਪਾ ਆਗੂਆਂ ਤੇ ਕਾਰਪੋਰੇਟ ਕਾਰੋਬਾਰਾਂ ਨੂੰ ਲੋਕ ਰੋਹ ਦੀ ਦਾਬ ਹੇਠ ਲਿਆਉਣ ਦੀ ਪਹੁੰਚ ਰੱਖੀ ਜਾ ਰਹੀ ਹੈ ਜਿਸ ਤਹਿਤ ਪਹਿਲਾਂ ਹੀ ਸੂਬੇ ਭਰ 'ਚ ਜਥੇਬੰਦੀ ਦੀ ਅਗਵਾਈ ਹੇਠ ਲਗਭਗ ਪੰਜਾਹ ਥਾਂਵਾਂ 'ਤੇ ਲਗਭਗ 50000 ਲੋਕ ਇਨ੍ਹਾਂ ਲਗਾਤਾਰ ਧਰਨਿਆਂ ਤੇ ਘਿਰਾਓ ਐਕਸ਼ਨਾਂ 'ਚ ਡਟੇ ਹੋਏ ਹਨ ।
ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ
ਦਬਾਅ ਨੂੰ ਹੋਰ ਵਧਾਉਣ ਲਈ ਅੱਜ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ ।ਅੱਜ ਮੋਗਾ, ਨਾਭਾ,ਸੰਗਰੂਰ ਅਤੇ ਸੁਨਾਮ ਆਦਿ ਥਾਵਾਂ ਤੇ ਵੀ ਪੱਕੇ ਧਰਨੇ ਸ਼ੁਰੂ ਕਰ ਦਿੱਤੇ ਗਏ ਹਨ । ਕੱਲ੍ਹ ਨੂੰ ਇਹ ਗਿਣਤੀ ਹੋਰ ਵਧਣ ਜਾ ਰਹੀ ਹੈ ।ਸ਼ਹਿਰਾਂ 'ਚ ਚੱਲਣ ਵਾਲੇ ਇਨ੍ਹਾਂ ਧਰਨਿਆਂ 'ਤੇ ਬੈਠੇ ਲੋਕ ਸ਼ਹਿਰ ਦੇ ਵੱਖ ਵੱਖ ਮਿਹਨਤਕਸ਼ ਤਬਕਿਆਂ ਨੂੰ ਵੀ ਮੋਦੀ ਹਕੂਮਤ ਖ਼ਿਲਾਫ਼ ਲਾਮਬੰਦ ਕਰਨਗੇ ਤੇ 25 ਅਕਤੂਬਰ ਨੂੰ ਦੁਸਹਿਰੇ ਮੌਕੇ ਮੋਦੀ ਹਕੂਮਤ ਤੇ ਉਸ ਦੀਆਂ ਜੋਟੀਦਾਰ ਦੇਸੀ ਵਿਦੇਸ਼ੀ ਕੰਪਨੀਆਂ ਦੇ ਪੁਤਲੇ ਫੂਕਣ ਲਈ ਪੇਂਡੂ ਤੇ ਸ਼ਹਿਰੀ ਲੋਕ ਸਾਂਝੇ ਤੌਰ 'ਤੇ ਨਿੱਤਰਨਗੇ। 25 ਅਕਤੂਬਰ ਦਾ ਇਹ ਐਕਸ਼ਨ ਸੂਬੇ 'ਚ ਭਾਜਪਾਈ ਹਾਕਮਾਂ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦੇਣ ਵਾਲਾ ਸਾਬਤ ਹੋਵੇਗਾ ।
ਸਾਡੀ ਜਥੇਬੰਦੀ ਦੀ ਪਹੁੰਚ ਸੰਘਰਸ਼ ਕਰ ਰਹੀਆਂ ਸਭਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਤਾਲਮੇਲ ਰਾਹੀਂ ਸਾਂਝੀ ਸੰਘਰਸ਼ ਦਾਬ ਬਣਾਉਣ ਦੀ ਹੈ। ਇਸ ਸਾਂਝ ਨੂੰ ਅੱਗੇ ਵਧਾਉਣ ਖਾਤਰ ਅਸੀਂ ਵੱਖ ਵੱਖ ਜਥੇਬੰਦੀਆਂ ਨਾਲ ਯੱਕਯਹਿਤੀ ਦਰਸਾਉਣ ਲਈ ਤਾਲਮੇਲਵੇਂ ਐਕਸ਼ਨ ਕਰਦੇ ਆ ਰਹੇ ਹਾਂ।ਅਸੀਂ ਆਪਣੀ ਸੰਘਰਸ਼ ਵਿਉਂਤ ਨੂੰ ਲਾਗੂ ਕਰਦਿਆਂ ਇਸ ਦਾ ਤਾਲਮੇਲ ਦੂਜੀਆਂ ਜਥੇਬੰਦੀਆਂ ਨਾਲ ਬਿਠਾਉਣ ਦਾ ਹਰ ਸੰਭਵ ਯਤਨ ਕੀਤਾ ਹੈ। ਇਸੇ ਲਈ ਅਸੀਂ ਪਹਿਲਾਂ ਸ੍ਰੀ ਸਤਨਾਮ ਪੰਨੂੰ ਦੀ ਅਗਵਾਈ ਹੇਠਲੀ ਜਥੇਬੰਦੀ ਵੱਲੋਂ ਦਿੱਤੇ ਸੰਘਰਸ਼ ਸੱਦਿਆਂ 'ਤੇ ਆਪਣੇ ਵੱਲੋਂ ਉਸੇ ਦਿਨ ਐਕਸ਼ਨ ਕਰਕੇ ਯਕਯਹਿਤੀ ਪ੍ਰਗਟਾਈ ਹੈ। 24 ਤੋਂ 26ਸਤੰਬਰ ਤੱਕ ਉਨ੍ਹਾਂ ਵੱਲੋਂ ਕੀਤੇ ਰੇਲ ਰੋਕੋ ਐਕਸ਼ਨਾਂ ਨਾਲ ਯਕਯਹਿਤੀ ਪ੍ਰਗਟਾਉਣ ਲਈ ਅਸੀਂ ਵੀ ਤਿੰਨ ਦਿਨ ਰੇਲ ਪਟੜੀਆਂ 'ਤੇ ਧਰਨੇ ਦਿੱਤੇ ਸਨ । ਇਉਂ ਹੀ ਅਸੀਂ ਦਸ ਜਥੇਬੰਦੀਆਂ ਦੇ ਇੱਕ ਥੜੇ ਨਾਲ ਵੀ ਤਾਲਮੇਲਵੇਂ ਐਕਸ਼ਨ ਕੀਤੇ ਸਨ । ਹੁਣ ਵੀ 1 ਅਕਤੂਬਰ ਤੋਂ ਸਾਡੀ ਸੰਘਰਸ਼ ਵਿਉਂਤ ਭਾਜਪਾ-ਕਾਰਪੋਰੇਟ ਗੱਠਜੋੜ ਨੂੰ ਵਿਸ਼ੇਸ਼ ਦਾਬ ਹੇਠ ਲਿਆਉਣ ਦੀ ਸੀ ਜਿਸ ਤਹਿਤ ਅਸੀਂ ਪਹਿਲੀ ਅਕਤੂਬਰ ਤੋਂ ਭਾਜਪਾਈ ਆਗੂਆਂ ਅਤੇ ਕਾਰਪੋਰੇਟ-ਕੇਂਦਰਾਂ ਅੱਗੇ ਧਰਨੇ ਸ਼ੁਰੂ ਕੀਤੇ ਸਨ। ਪਰ ਹੋਰਨਾਂ ਜਥੇਬੰਦੀਆਂ ਵੱਲੋਂ ਰੇਲ ਰੋਕੋ ਐਕਸ਼ਨ ਦਾ ਸੱਦਾ ਦਿੱਤਾ ਗਿਆ ਸੀ।ਇਸ ਨਾਲ ਵੀ ਯਕਯਹਿਤੀ ਪ੍ਰਗਟਾਉਂਦਿਆਂ ਅਸੀਂ ਆਪਣੇ ਸੰਘਰਸ਼ ਐਕਸ਼ਨ ਦੇ ਨਾਲ ਨਾਲ 13 ਦਿਨਾਂ ਲਈ ਰੇਲਵੇ ਟਰੈਕ ਵੀ ਰੋਕੇ ਹਨ । ਹੁਣ ਅਸੀਂ ਭਾਜਪਾਈ ਆਗੂਆਂ ਨੂੰ ਘੇਰਨ ਦੀ ਸੇਧ ਲਾਗੂ ਕਰਦਿਆਂ ਉਨ੍ਹਾਂ ਦੇ ਘਰਾਂ ਅੱਗੇ ਧਰਨਿਆਂ ਦੀ ਗਿਣਤੀ ਵਧਾਉਣ ਲਈ ਇਹ ਤਬਦੀਲੀ ਕੀਤੀ ਹੈ ।
ਸੰਘਰਸ਼ ਤੇਜ਼ ਕਰਨ ਦੇ ਇਸ ਕਦਮ ਨੂੰ ਸੰਘਰਸ਼ ਦੀ ਫੁੱਟ ਕਰਾਰ ਦੇਣਾ ਵਾਜਬ ਨਹੀਂ ਹੈ। ਹੁਣ ਤੱਕ 30-31 ਜਥੇਬੰਦੀਆਂ ਨੇ ਵੱਖ ਵੱਖ ਤਰ੍ਹਾਂ ਦੇ ਐਕਸ਼ਨਾਂ ਰਾਹੀਂ ਸੰਘਰਸ਼ 'ਚ ਆਪਣੇ ਵਿੱਤ ਅਨੁਸਾਰ ਤੇ ਆਪਣੀ ਸਮਝ ਅਨੁਸਾਰ ਹਿੱਸਾ ਪਾਇਆ ਹੈ ।ਹੁਣ ਵੀ ਸੰਘਰਸ਼ ਐਕਸ਼ਨਾਂ ਦੀਆਂ ਕਈ ਵੰਨਗੀਆਂ ਨਾਲੋਂ ਨਾਲ ਚੱਲ ਰਹੀਆਂ ਹਨ। ਜਿਵੇਂ ਕਿ ਸਾਡੇ ਵੱਲੋਂ ਦਿੱਤੇ ਸੱਦੇ ਮਗਰੋਂ ਹੋਰਨਾਂ ਜਥੇਬੰਦੀਆਂ ਵੱਲੋਂ ਵੀ ਕਾਰਪੋਰੇਟ ਕੇਂਦਰਾਂ ਦੇ ਘਿਰਾਓ ਕੀਤੇ ਗਏ ਹਨ ।ਟੋਲ ਪਲਾਜ਼ੇ, ਪੰਪ, ਸ਼ਾਪਿੰਗ ਮਾਲ, ਅਡਾਨੀ ਦੇ ਗੁਦਾਮ, ਰੇਲ ਲਾਈਨਾਂ ਸਮੇਤ ਕਈ ਤਰ੍ਹਾਂ ਦੇ ਐਕਸ਼ਨ ਹੋ ਰਹੇ ਹਨ। ਇਹ ਸਾਰੇ ਇੱਕ ਦੂਜੇ ਨੂੰ ਤਕੜਾਈ ਦੇ ਰਹੇ ਹਨ ਤੇ ਕਿਸੇ ਤਰ੍ਹਾਂ ਵੀ ਇੱਕ ਦੂਜੇ ਦੇ ਟਕਰਾਅ ਵਿੱਚ ਨਹੀਂ ਹਨ ।ਸਾਡੀ ਸੇਧ ਲੋਕਾਂ ਦੀ ਲਾਮਬੰਦੀ ਹੋਰ ਵਿਸ਼ਾਲ ਕਾਰਨ ਰਾਹੀਂ ਹਕੂਮਤ 'ਤੇ ਦਬਾਅ ਨੂੰ ਹੋਰ ਵਧਾਉਂਣ ਦੀ ਹੈ ਜਿਸ ਦੇ ਅਸਰ ਆਉਂਦੇ ਦਿਨਾਂ ਵਿੱਚ ਹੋਰ ਜਿਆਦਾ ਦਿਸਣਾ ਹੈ।
ਅਸੀਂ ਸਭਨਾਂ ਸੰਘਰਸ਼ ਹਤੈਸ਼ੀ ਹਿੱਸਿਆਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਭਰਮਾਂ ਦਾ ਸੰਚਾਰ ਨਾ ਕੀਤਾ ਜਾਵੇ ਜਿਹੜੇ ਸੰਘਰਸ਼ ਨੂੰ ਹਰਜਾ ਕਰਨ ਵਾਲੇ ਹੋਣ । ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਹਰ ਤਰ੍ਹਾਂ ਦੇ ਭਰਮਾਂ , ਭੰਬਲਭੂਸਿਆਂ , ਸਵਾਲਾਂ ਤੋਂ ਉੱਪਰ ਉੱਠ ਕੇ ਸੰਘਰਸ਼ ਮੋਰਚਿਆਂ ਵਿੱਚ ਜ਼ੋਰਦਾਰ ਸ਼ਮੂਲੀਅਤ ਕਰਨ ਅਤੇ ਲੰਮੇ ਦਮ ਨਾਲ ਸੰਘਰਸ਼ ਵਿੱਚ ਡਟੇ ਰਹਿਣ ਲਈ ਤਿਆਰ ਹੋਣ ।