ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ(ਕੈਲੀਫੋਰਨੀਆ)30 ਅਕਤੂਬਰ 2020:ਕੋਰੋਨਾ ਕਾਲ ਵਿੱਚ ਅਮਰੀਕਾ ਵਿੱਚ ਵਾਇਰਸ ਦੀ ਲਾਗ ਦੇ ਪ੍ਰਤੀ ਦਿਨ ਹੋ ਰਹੇ ਕੇਸ ਆਪਣੇ ਉੱਚ ਰਿਕਾਰਡ ਪੱਧਰ ਤੇ ਪਹੁੰਚ ਗਏ ਹਨ। ਸੰਯੁਕਤ ਰਾਜ ਵਿਚ 87,164 ਕੋਵਿਡ -19 ਮਾਮਲੇ ਸਾਹਮਣੇ ਆਏ ਹਨ ਅਤੇ ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਇਹ ਬਿਮਾਰੀ ਸ਼ੁਰੂ ਹੋਣ ਤੋਂ ਬਾਅਦ ਇਕ ਹੀ ਦਿਨ ਵਿਚ ਹੁਣ ਤਕ ਦੇ ਸਭ ਤੋਂ ਵੱਧ ਕੇਸ ਹਨ। ਇਸ ਤੋਂ ਪਿਛਲਾ ਰਿਕਾਰਡ ਸਿਰਫ ਛੇ ਦਿਨ ਪਹਿਲਾਂ ਸੀ, ਜਦੋਂ 83,731 ਨਵੇਂ ਕੇਸ ਦਰਜ਼ ਕੀਤੇ ਗਏ ਸਨ। ਜਦਕਿ ਇਸ ਸੰਕਟ ਦੇ ਪਹਿਲੇ ਨੌਂ ਮਹੀਨਿਆਂ ਵਿੱਚ ਪੂਰੇ ਅਮਰੀਕਾ ਵਿੱਚ ਕੋਰੋਨਾਂ ਵਾਇਰਸ ਦੇ ਕੇਸਾਂ ਦੀ ਗਿਣਤੀ 9 ਮਿਲੀਅਨ ਦੇ ਨੇੜੇ ਚਲੀ ਗਈ ਹੈ। ਇੰਨਾ ਹੀ ਨਹੀਂ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਸਾਬਕਾ ਕਮਿਸ਼ਨਰ ਡਾ. ਸਕਾਟ ਗੋਟਲਿਬ ਅਨੁਸਾਰ ਅਮਰੀਕਾ ਵਿਚ ਪ੍ਰਤੀ ਦਿਨ 100,000 ਨਵੇਂ ਕੇਸ ਸਾਹਮਣੇ ਆ ਸਕਦੇ ਹਨ।
ਅਮਰੀਕੀ ਸੰਸਥਾ ਸੀ. ਡੀ. ਸੀ. ਵੱਲੋਂ ਵੀਰਵਾਰ ਨੂੰ ਦਿੱਤੀ ਰਿਪੋਰਟ ਅਨੁਸਾਰ 21 ਨਵੰਬਰ ਤੱਕ ਸਭ ਤੋਂ ਵੱਧ 243,000 ਮੌਤਾਂ ਹੋਣ ਦਾ ਖਦਸ਼ਾ ਹੈ ਜਦਕਿ ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ, ਸੰਯੁਕਤ ਰਾਜ ਵਿਚ ਕੋਵਿਡ -19 ਨਾਲ 228,143 ਲੋਕਾਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਕੋਵਿਡ ਟਰੈਕਿੰਗ ਪ੍ਰੋਜੈਕਟ ਦੇ ਅਨੁਸਾਰ, ਘੱਟੋ ਘੱਟ 13 ਰਾਜਾਂ ਵਿੱਚ ਮਰੀਜ਼ਾਂ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਦੀਆਂ ਰਿਪੋਰਟਾਂ ਵਿੱਚ ਉੱਚ ਵਾਧਾ ਦਰਜ ਕੀਤਾ ਗਿਆ ਹੈ। ਜਿਹਨਾਂ ਵਿੱਚ ਉੱਤਰੀ ਡਕੋਟਾ ਨੇ ਵੀਰਵਾਰ ਨੂੰ ਰੋਜ਼ਾਨਾ ਦੇ ਨਵੇਂ ਕੇਸਾਂ ਵਿੱਚ ਆਪਣਾ ਰਿਕਾਰਡ ਤੋੜ ਦਿੱਤਾ ਹੈ। ਇਹਨਾਂ ਰਾਜਾਂ ਵਿੱਚ ਕੇਸਾਂ ਵਿੱਚ ਵਾਧਾ ਹੋਣ ਕਰਕੇ ਸਿਹਤ ਸੇਵਾਵਾਂ ਤੇ ਵੀ ਦਬਾਅ ਵੱਧਦਾ ਜਾ ਰਿਹਾ ਹੈ।ਸਿਹਤ ਮਾਹਰ ਵੱਡੀ ਗਿਣਤੀ ਵਿਚ ਵਾਇਰਸ ਤੇ ਕਾਬੂ ਪਾਉਣ ਲਈ ਸਰਕਾਰ ਨੂੰ ਦੇਸ਼ ਪੱਧਰ ਤੇ ਮਾਸਕ ਪਾਉਣ ਨੂੰ ਜਰੂਰੀ ਕਰਨ ਦੀ ਮੰਗ ਕਰ ਰਹੇ ਹਨ।ਸਿਹਤ ਵਿਗਿਆਨੀਆਂ ਅਨੁਸਾਰ ਇਹ ਸਿਹਤ ਸਾਵਧਾਨੀ ਦੇਸ਼ ਨੂੰ ਸਿਹਤ-ਸੰਭਾਲ ਦੀ ਸਮਰੱਥਾ ਨੂੰ ਬਰਕਰਾਰ ਰੱਖਣ ਅਤੇ ਵਧੇਰੇ ਸਕੂਲਾਂ ਅਤੇ ਕਾਰੋਬਾਰਾਂ ਨੂੰ ਖੁੱਲੇ ਰੱਖਣ ਦੀ ਆਗਿਆ ਵੀ ਦੇਵੇਗੀ।