ਕ੍ਰਿਸ਼ਨਾ ਮੰਦਰ ਵਿੱਚ ਧੂਮ ਧਾਮ ਨਾਲ ਮਨਾਈ ਗਈ ਰਾਮ ਨੌਮੀ
ਰੋਹਿਤ ਗੁਪਤਾ
ਗੁਰਦਾਸਪੁਰ 17 ਅਪ੍ਰੈਲ 2024 - ਸ਼੍ਰੀ ਰਾਮ ਨਮੀ ਮਹੋਤਸਵ ਕਮੇਟੀ ਅਤੇ ਕ੍ਰਿਸ਼ਨਾ ਮੰਦਰ ਕਮੇਟੀ ਵੱਲੋਂ ਸਾਂਝੇ ਤੌਰ ਤੇ ਸ੍ਰੀ ਰਾਮ ਚੰਦਰ ਜੀ ਦਾ ਜਨਮ ਉਤਸਵ ਮਨਾਇਆ ਗਿਆ। ਸਭ ਤੋਂ ਪਹਿਲਾਂ ਸੁੰਦਰ ਕਾਂਡ ਦਾ ਪਾਠ ਅਸ਼ੋਕ ਸ਼ਾਸਤਰੀ ਵੱਲੋਂ ਕੀਤਾ ਗਿਆ। ਉਸ ਤੋਂ ਬਾਅਦ ਢੋਲ ਅਤੇ ਬਾਜੇ ਵਾਲਿਆਂ ਨੇ ਸ੍ਰੀ ਰਾਮ ਨਾਮ ਦੀ ਮਦਦ ਤੋਂ ਨਾਲ ਮਾਹੌਲ ਨੂੰ ਰਾਮਮਈ ਬਣਾ ਦਿੱਤਾ ਜਿਸ ਉਪਰੰਤ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਉਤਸਵ ਸਬੰਧੀ ਕੀਰਤਨ ਕੀਤਾ ਗਿਆ।
ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਜੋਤਸ਼ੀ ਅਤੇ ਸਾਬਕਾ ਕਾਰਜਕਾਰੀ ਅਧਿਕਾਰੀ ਨਗਰ ਕੌਂਸਲ ਪੰਡਿਤ ਵਿਜੇ ਸ਼ਰਮਾ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੇ ਚਾਨਣਾ ਪਾਇਆ। ਉਹਨਾਂ ਸ੍ਰੀ ਰਾਮ ਜੀਵਨ ਚਰਿਤਰ ਸੁਣਾਂਉਦਿਆਂ ਦੱਸਿਆ ਕਿ ਭਗਵਾਨ ਸ੍ਰੀ ਰਾਮ ਨੇ ਅਵਤਾਰ ਲੈ ਕੇ ਲੀਲਾ ਸਿਰਫ ਇਸ ਲਈ ਰਚੀ ਸੀ ਕਿ ਮਨੁੱਖ ਉਹਨਾਂ ਦੇ ਜੀਵਨ ਚਰਿਤਰ ਤੋਂ ਸਿੱਖਿਆ ਲੈ ਕੇ ਨੈਤਿਕਤਾ ਤੇ ਚਲਦੇ ਹੋਏ ਆਪਣੇ ਜੀਵਨ ਨੂੰ ਸੁਖਾਲਾ ਬਣਾ ਸਕੇ। ਭਾਜਪਾ ਨੇਤਾ ਅਤੇ ਕ੍ਰਿਸ਼ਨਾ ਮੰਦਰ ਦੇ ਪ੍ਰਮੁੱਖ ਬਾਲ ਕ੍ਰਿਸ਼ਨ ਮਿੱਤਲ ਨੇ ਮੰਦਰ ਵੱਲੋਂ ਸ਼੍ਰੀ ਰਾਮ ਨੌਮੀ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕਰਨ ਲਈ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਹਨਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ੍ਰੀ ਰਾਮ ਨੌਮੀ ਦੀ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਅਤੇ ਸ਼ਰਧਾਲੂਆਂ ਦੇ ਜਲ ਪਾਨ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਦਾ ਪ੍ਰਬੰਧ ਕਰਨ ਲਈ ਵੀ ਧੰਨਵਾਦ ਕੀਤਾ।
ਇਸ ਮੌਕੇ ਵਰਿੰਦਰ ਮਹਾਜਨ, ਭਾਰਤੀ ਸ਼ਰਮਾ, ਰਕੇਸ਼ ਗੁਪਤਾ, ਗੋਪਾਲ ਸ਼ਰਮਾ, ਐਨਐਸ ਵਾਲੀਆ, ਅਰੁਣ ਸ਼ਰਮਾ ,ਰਾਕੇਸ਼ ਸੰਨੀ ਅਸ਼ੋਕ ਕ੍ਰਿਸ਼ਨਾ ਆਦਿ ਵੀ ਮੌਜੂਦ ਸਨ।