ਵਿਕਰਮ ਮਹਿਤਾ ਸਤਨਾਮ ਐਲਸੀਵੀ ਆਪਰੇਟਰ ਯੂਨੀਅਨ ਦੇ ਪ੍ਰਧਾਨ ਬਣੇ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਅਪ੍ਰੈਲ 2024: ਲੰਮੇ ਸਮੇਂ ਤੋਂ ਸਤਨਾਮ ਐਲਸੀਵੀ ਆਪਰੇਟਰ ਯੂਨੀਅਨ ਵਿੱਚ ਸਰਗਰਮ ਨੌਜਵਾਨ ਟਰਾਂਸਪੋਰਟਰ ਵਿਕਰਮ ਮਹਿਤਾ ਭਗਵਾਸੀ ਨੂੰ ਦੋ ਸਾਲਾਂ ਲਈ ਸਤਨਾਮ ਐਲਸੀਵੀ ਆਪਰੇਟਰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਹੈ।ਇਸ ਚੋਣ ਸਬੰਧੀ ਅਹਿਮ ਮੀਟਿੰਗ ਅੱਜ ਯੂਨੀਅਨ ਵਿਚ ਹੋਈ,ਜਿਸ ਵਿੱਚ ਵੱਡੀ ਗਿਣਤੀ ਯੂਨੀਅਨ ਦੇ ਮੈਂਬਰਾਂ ਨੇ ਹਿੱਸਾ ਲਿਆ।ਮੀਟਿੰਗ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਰਣਜੀਤ ਸਿੰਘ ਦੱਪਰ ਨੇ ਪ੍ਰਧਾਨ ਵਜੋਂ ਵਿਕਰਮ ਮਹਿਤਾ ਦੇ ਨਾਂਅ ਦੀ ਤਜਵੀਜ਼ ਪੇਸ਼ ਕੀਤੀ, ਜਿਸ ਦੀ ਤਾਈਦ ਪੰਕਜ ਰਾਣਾ ਲਾਲੜੂ ਨੇ ਕੀਤੀ। ਇਸ ਉਪਰੰਤ ਯੂਨੀਅਨ ਦੇ ਵਰਕਰਾਂ ਨੇ ਹੱਥ ਖੜੇ ਕਰ ਕੇ ਪ੍ਰਧਾਨ ਦੀ ਚੋਣ ਉਤੇ ਮੋਹਰ ਲਾਈ।ਆਪਣੀ ਚੋਣ ਉਪਰੰਤ ਵਿਕਰਮ ਮਹਿਤਾ ਨੇ ਉਨ੍ਹਾਂ ਵਿੱਚ ਵਿਸ਼ਵਾਸ ਪ੍ਰਗਟਾਉਣ ਲਈ ਯੂਨੀਅਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਯੂਨੀਅਨ ਦਾ ਕੰਮ-ਕਾਰ ਵਧਾਉਣ ਤੇ ਭਲਾਈ ਲਈ ਤਹਿ ਦਿਲੋਂ ਕੰਮ ਕਰਣਗੇ ਅਤੇ ਯੂਨੀਅਨ ਦੀ ਤਰੱਕੀ ਲਈ ਹਮੇਸਾਂ ਤਤਪਰ ਰਹਿਣਗੇ। ਇਸ ਮੌਕੇ ਸ੍ਰੀ ਮਹਿਤਾ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।ਅੰਤ ਵਿੱਚ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਵਿਕਰਮ ਮਹਿਤਾ ਦਾ ਹਾਰ ਪਾ ਕੇ ਸਨਮਾਨ ਕੀਤਾ ਤੇ ਮੂੰਹ ਮਿੱਠਾ ਕਰਵਾਇਆ।