ਵਿਧਾਇਕ ਕੁਲਜੀਤ ਸਿੰਘ ਨਾਗਰਾ ਜੀ ਟੀ ਰੋਡ ਸਰਹਿੰਦ ਤੋਂ ਚਨਾਰਥਲ ਕਲਾਂ ਤੱਕ ਲਿੰਕ ਸੜਕ ਦੀ ਮੁਰੰਮਤ ਲਈ ਮੰਨਜੂਰ ਹੋਈ ਰਾਸ਼ੀ ਬਾਰੇ ਜਾਣਕਾਰੀ ਦਿੰਦੇ ਹੋਏ।
ਫਤਹਿਗੜ੍ਹ ਸਾਹਿਬ, 19 ਜੁਲਾਈ(ਦੀਦਾਰ ਗੁਰਨਾ ) ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਦੀ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਜੀ.ਟੀ.ਰੋਡ ਸਰਹਿੰਦ ਤੋਂ ਚਨਾਰਥਲ ਕਲਾਂ ਵਾਇਆ ਸ਼ਾਨੀਪੁਰ, ਖੋਜੇਮਾਜਰਾ, ਸੰਗਤਪੁਰਾ ਸੋਢੀਆਂ, ਪੰਡਰਾਲੀ, ਚਨਾਰਥਲ ਖੁਰਦ ਤੋਂ ਚਨਾਰਥਲ ਕਲਾਂ ਤੱਕ ਦੀ 12 .28 ਕਿਲੋਮੀਟਰ ਸੜਕ ਦੀ ਵਿਸ਼ੇਸ਼ ਮੁਰੰਮਤ ਲਈ 02 ਕਰੋੜ 80 ਲੱਖ 81 ਹਜਾਰ ਰੁਪਏ ਦੀ ਰਾਸ਼ੀ ਮੰਨਜ਼ੂਰ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਜਿੰਨ੍ਹਾਂ ਦੇ ਵਿਸ਼ੇਸ਼ ਯਤਨਾ ਸਦਕਾ ਸਰਕਾਰ ਵੱਲੋਂ ਸੜਕ ਦੀ ਮੁਰੰਮਤ ਲਈ ਰਾਸ਼ੀ ਮੰਨਜੂਰ ਕੀਤੀ ਹੈ, ਦੱਸਿਆ ਕਿ 18 ਫੁੱਟ ਚੌੜੀ ਇਸ ਸੜਕ ਦੀ ਮੁਰੰਮਤ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ।
ਵਿਧਾਇਕ ਨਾਗਰਾ ਨੇ ਦੱਸਿਆ ਕਿ ਇਹ ਸੜਕ ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੀ ਹੈ ਅਤੇ ਇਹ ਸੜਕ ਚਨਾਰਥਲ ਕਲਾਂ ਤੋਂ ਟੋਹੜਾ ਅਤੇ ਭਾਦਸੋਂ ਨੂੰ ਵੀ ਮਿਲਦੀ ਹੈ। ਦੋ ਜ਼ਿਲ੍ਹਿਆਂ ਨੂੰ ਆਪਸ ਵਿੱਚ ਜੋੜਣ ਵਾਲੀ ਇਸ ਸੜਕ ਦੀ ਮੁਰੰਮਤ ਹੋਣ ਨਾਲ ਇਸ ਇਲਾਕੇ ਕੇ ਲੋਕਾਂ ਨੂੰ ਵੱਡਾ ਲਾਭ ਪੁੱਜੇਗਾ। ਉਨ੍ਹਾਂ ਹੋਰ ਦੱਸਿਆ ਕਿ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਚਨਾਰਥਲ ਕਲਾਂ ਜਿੱਥੇ ਕਿ ਸਬ-ਤਹਿਸੀਲ ਅਤੇ ਹਸਪਤਾਲ ਵੀ ਹੈ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਸੜਕ ਟੁੱਟੀ ਹੋਣ ਕਾਰਨ ਕਈ ਵਾਰ ਸੜਕੀ ਹਾਦਸੇ ਵੀ ਵਾਪਰਦੇ ਸਨ ਅਤੇ ਹੁਣ ਇਸ ਸੜਕ ਦੀ ਮੁਰੰਮਤ ਹੋਣ ਨਾਲ ਲੋਕਾਂ ਨੁੰ ਇੰਨ੍ਹਾਂ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਵਿਧਾਇਕ ਨਾਗਰਾ ਨੇ ਦੱਸਿਆ ਕਿ ਉਹ ਫਤਹਿਗੜ੍ਹ ਸਾਹਿਬ ਹਲਕੇ ਦੇ ਸਮੁੱਚੇ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ ਅਤੇ ਹਲਕੇ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਫਤਹਿਗੜ੍ਹ ਸਾਹਿਬ ਹਲਕੇ ਦੇ ਵਿਕਾਸ ਲਈ ਕੋਈ ਧਿਆਨ ਨਹੀਂ ਦਿੱਤਾ ਅਤੇ ਨਾਂ ਹੀ ਲਿੰਕ ਸੜਕਾਂ ਦੀ ਮੁਰਮੰਤ ਕੀਤੀ ਗਈ। ਜਿਸ ਕਾਰਨ ਬਹੁਤ ਸਾਰੀਆਂ ਲਿੰਕ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਸੀ। ਅਤੇ ਹੁਣ ਹਲਕੇ ਵਿੱਚ ਲਿੰਕ ਸੜਕਾਂ ਦੀ ਮੁਰਮੰਤ ਦਾ ਕੰਮ ਜੰਗ ਪੱਧਰ ਤੇ ਸ਼ੁਰੂ ਕਰਵਾਇਆ ਗਿਆ।