ਸਟਾਰ ਕਲੋਨੀ ਵਾਰਡ ਨੰਬਰ 11 ਵਿਖੇ ਇੰਟਰਲਾਕ ਟਾਇਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਵਿਧਾਇਕ ਕੁਲਜੀਤ ਸਿੰਘ ਨਾਗਰਾ।
ਫਤਹਿਗੜ੍ਹ ਸਾਹਿਬ 09 ਅਗਸਤ(ਦੀਦਾਰ ਗੁਰਨਾ ) ਸਰਹਿੰਦ ਨਗਰ ਕੌਂਸਲ ਦਾ ਪ੍ਰਧਾਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੋਣ ਕਾਰਨ ਕਾਂਗਰਸ ਸਰਕਾਰ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਲਈ ਸਰਹਿੰਦ ਨਗਰ ਕੌਂਸਲ ਅਧੀਨ ਹੋਣ ਵਾਲੇ ਕੰਮਾਂ ਵਿੱਚ ਰੁਕਾਵਟਾਂ ਪੈਦਾ ਕਰਦਾ ਸੀ ਜਿਸ ਨਾਲ ਸ਼ਹਿਰ ਦੇ ਵਿਕਾਸ ਕਾਰਜ ਰੁਕ ਜਾਂਦੇ ਸਨ। ਸਥਾਨਕ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਹੁਣ ਧਾਰਾ 25 ਅਧੀਨ ਨਗਰ ਕੌਂਸਲਰਾਂ ਦੀ ਬਹੁਸੰਮਤੀ ਨੇ ਮੀਟਿੰਗ ਵਿੱਚ ਮਤਾ ਪਾਸ ਕਰਕੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਟਾਰ ਕਲੋਨੀ ਵਾਰਡ ਨੰਬਰ 11 ਵਿਖੇ ਲਗਾਈਆਂ ਜਾਣ ਵਾਲੀਆਂ ਇੰਟਰਲਾਕ ਟਾਇਲਾਂ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਹੁਣ ਸਰਹਿੰਦ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜ ਜੰਗੀ ਪੱਧਰ ਤੇ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਆਪਣੇ ਦਸ ਸਾਲ ਦੇ ਕਾਰਜਕਾਲ ਦੌਰਾਨ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਅਤੇ ਸਰਹਿੰਦ ਸ਼ਹਿਰ ਦੇ ਵਿਕਾਸ ਕਾਰਜਾਂ ਵੱਲ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਸ਼ਹਿਰ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਝੇਂ ਰਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਨੇ ਇਸ ਸ਼ਹਿਰ ਦੀ ਕਾਇਆ ਕਲਪ ਕਰਨ ਲਈ ਬਹੁਤ ਸਾਰੇ ਵਿਕਾਸ ਕਾਰਜਾਂ ਦੀ ਸੂਰੁਆਤ ਕੀਤੀ ਹੈ। ਜਿੰਨ੍ਹਾਂ ਵਿੱਚ ਮੁੱਖ ਤੌਰ ਤੇ ਨਵੇਂ ਬੱਸ ਸਟੈਂਡ ਦੀ ਉਸਾਰੀ, ਸਰਹਿੰਦ ਚੋਅ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਸਮੇਤ ਸੜਕਾਂ ਦੀ ਉਸਾਰੀ ਸਮੇਤ ਕੁੱਝ ਪ੍ਰੋਜੈਕਟ ਮੁਕੰਮਲ ਕੀਤੇ ਹਨ ਅਤੇ ਕੁਝ ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਰਹਿੰਦ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਸੋਚੀ ਸਮਝੀ ਸਾਜਿਸ਼ ਅਧੀਨ ਸਰਹਿੰਦ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਮਤੇ ਪਾਸ ਹੋਣ ਵਿੱਚ ਰੁਕਾਵਟਾਂ ਪੈਦਾ ਕੀਤੀ ਜਾਂਦੀਆਂ ਸਨ। ਇਸ ਤਰ੍ਹਾਂ ਉਹ ਸ਼ਹਿਰ ਨਿਵਾਸੀਆਂ ਨਾਲ ਵੀ ਦਗਾ ਕਮਾ ਰਹੇ ਸਨ।
ਸ੍ਰ:ਨਾਗਰਾ ਨੇ ਦੱਸਿਆ ਕਿ ਉਹ ਸਰਹਿੰਦ ਸ਼ਹਿਰ ਦੇ ਨਾਲ-ਨਾਲ ਸਮੁੱਚੇ ਫਤਹਿਗੜ੍ਹ ਸਾਹਿਬ ਹਲਕੇ ਦੇ ਵਿਕਾਸ ਕਾਰਜਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ । ਵਿਕਾਸ ਕਾਰਜਾਂ ਵਿੱਚ ਕਿਸੇ ਨੂੰ ਵੀ ਅੜਿੱਕਾ ਬਨਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਹਲਕੇ ਦੇ ਵਿਕਾਸ ਕਾਰਜਾਂ ਲਈ ਧਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਆਖਿਆ ਕਿ ਇੰਟਰਲਾਕਿੰਗ ਟਾਇਲਾਂ ਲਗਾਉਣ ਦੇ ਕੰਮ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਕੰਮ ਨੂੰ ਮਿਆਰੀ ਹੋਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਕਾਰਜ ਸਾਧਕ ਅਫਸਰ ਗੁਰਪਾਲ ਸਿੰਘ,ਐਂਸ.ਡੀ.ਓ ਅੰਮ੍ਰਿਤਪਾਲ ਸਿੰਘ, ਜਿਲ੍ਹਾ ਪ੍ਰਧਾਨ ਸੁਭਾਸ਼ ਸੂਦ,ਸੀਨੀਅਰ ਕਾਂਗਰਸੀ ਆਗੂ ਤੇ ਵਾਰਡ ਦੇ ਕੌਂਸਲਰ ਅਸ਼ੋਕ ਸੂਦ,ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਕਾਲੜਾ,ਕੌਂਸਲਰ ਨਰਿੰਦਰ ਕੁਮਾਰ,ਕੌਂਸਲਰ ਅਮਰਦੀਪ ਸਿੰਘ ਬੈਨੀਪਾਲ,ਕੌਂਸਲਰ ਜਗਜੀਤ ਸਿੰਘ ਕੋਕੀ, ਸਾਬਕਾ ਕੌਂਸਲਰ ਆਨੰਦ ਮੋਹਨ,ਅਸ਼ੋਕ ਸੂਦ ਬੰਕੇ ਬਿਹਾਰੀ,ਰੋਹਿਤ ਸ਼ਰਮਾ,ਦਿਨੇਸ਼,ਰੀਤਾਂ ਮਹਿਤਾ,ਰਵਿੰਦਰ ਸਿੰਘ ਬਾਸੀ ਆਦਿ ਹਾਜ਼ਰ ਸਨ।