ਇਹਤਿਆਤ ਵਜੋਂ ਆਰਮੀ ਅਜੇ ਵੀ ਜ਼ਿਲ੍ਹੇ ’ਚ ਰਹੇਗੀ
ਡਰੇਨੇਜ ਮਹਿਕਮੇ ਦੀ ਮੱਦਦ ਲਈ ਚਾਰ ਹੋਰ ਮਹਿਕਮੇ ਲਾਏ
ਦਰਿਆ ’ਚ ਪਾਣੀ ਦਾ ਵਹਾਅ ਕਲ੍ਹ ਦੇ ਮੁਕਾਬਲੇ ਕਾਫ਼ੀ ਘੱਟ
ਨਵਾਂਸ਼ਹਿਰ, 19 ਅਗਸਤ,2019: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਦਰਿਆ ਸਤਲੁੱਜ ਦੇ ਧੁੱਸੀ ਬੰਨ੍ਹ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਜਿਨ੍ਹਾਂ ਥਾਂਵਾਂ ’ਤੇ ਸੋਮਵਾਰ ਨੂੰ ਕੁੱਝ ਕਮੀ ਦੇਖੀ ਗਈ ਸੀ, ਉਹ ਵੀ ਮੁਰੰਮਤ ਬਾਅਦ ਬਿਲਕੁਲ ਠੀਕ ਹਨ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਸ਼ਾਮ ਕਰਦਿਆਂ ਕਿਹਾ ਕਿ ਭਾਵੇਂ ਦਰਿਆ ’ਚ ਪਾਣੀ ਦਾ ਵਹਾਅ ਕਲ੍ਹ ਦੇ ਮੁਕਾਬਲੇ ਕਾਫ਼ੀ ਘੱਟ ਹੈ ਪਰ ਤਾਂ ਵੀ ਪ੍ਰਸ਼ਾਸਨ ਚੌਕਸੀ ’ਚ ਕੋਈ ਢਿੱਲ ਨਹੀਂ ਵਰਤੇਗਾ। ਉਨ੍ਹਾਂ ਦੱਸਿਆ ਕਿ ਇਹਤਿਆਤ ਵਜੋਂ ਕਲ੍ਹ ਬੁਲਾਈ ਆਰਮੀ ਅਤੇ ਐਨ ਡੀ ਆਰ ਐਫ਼ ਨੂੰ ਜ਼ਿਲ੍ਹੇ ’ਚ ਰੱਖਿਆ ਗਿਆ ਹੈ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ਨਾਲ ਤੁਰੰਤ ਨਿਪਟਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਬਲਾਚੌਰ ਸਬ ਡਵੀਜ਼ਨ ’ਚ ਬੇਲਾ ਤਾਜੋਵਾਲ, ਡੱੁਗਰੀ ਅਤੇ ਖੋਜਾ ਬੇਟ ਦੇ ਮਜ਼ਬੂਤੀ ਕਾਰਜ ਕਲ੍ਹ ਆਰੰਭੇ ਗਏ ਸਨ ਜੋ ਲਗਪਗ ਮੁਕੰਮਲ ਹੋਣ ਨੇੜੇ ਹਨ। ਇਸੇ ਤਰ੍ਹਾਂ ਨਵਾਂਸ਼ਹਿਰ ਸਬ ਡਵੀਜ਼ਨ ’ਚ ਤਾਜੋਵਾਲ ਮੰਢਾਲਾ, ਬੁਰਜ ਟਹਿਲ ਦਾਸ ਵਿਖੇ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਸੰਪੂਰਨਤਾ ਨੇੜੇ ਹੈ ਜਦਕਿ ਖੋਜੇ ਵਿਖੇ ਬੇਈਂ ਦੀਆਂ ਦਰਿਆ ਸਤਲੁੱਜ ’ਚ ਜਾਂਦੀਆਂ ਨਿਕਾਸੀ ਪਾਈਪਾਂ ਨੂੰ ਦਰਿਆ ’ਚ ਪਾਣੀ ਵਧਣ ਦੇ ਮੱਦੇਨਜ਼ਰ ਵਾਪਸ ਮੁੜਨ ਦੇ ਖਤਰੇ ਨੂੰ ਭਾਂਪਦਿਆਂ ਆਰਮੀ ਵੱਲੋਂ ਕਾਮਯਾਬੀ ਨਾਲ ਬੰਦ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ’ਚ ਕੁੱਝ ਇੱਕ ਥਾਂਵਾਂ ’ਤੇ ਭਾਰੀ ਬਰਸਾਤ ਕਾਰਨ ਖੇਤਾਂ ਅਤੇ ਨਵਾਂਸ਼ਹਿਰ ਦੇ ਗੜ੍ਹਸ਼ੰਕਰ ਰੋਡ ’ਤੇ ਕੁੱਝ ਰਿਹਾਇਸ਼ੀ ਇਲਾਕੇ ’ਚ ਆਏ ਬੇਈਂ ਦੇ ਪਾਣੀ ਦੀ ਨਿਕਾਸੀ ਲਈ ਸਬੰਧਤ ਤਹਿਸੀਲਾਂ ਦੇ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਨਾਗਰਿਕਾਂ ਦੀ ਦੀ ਸੁਰੱਖਿਆ ਨੂੰ ਲੈ ਕੇ ਪੂਰਾ ਚੌਕਸ ਹੈ ਅਤੇ ਧੁੱਸੀ ਬੰਨ੍ਹ ਦੀ ਨਿਗਰਾਨੀ ’ਚ ਕੋਈ ਅਣਗਹਿਲੀ ਨਹੀਂ ਵਰਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ਦੀ ਜਿੱਥੇ ਕਿਧਰੇ ਵੀ ਮੁਰੰਮਤ ਦੀ ਲੋੜ ਮਹਿਸੂਸ ਹੋਵੇਗੀ ਉਹ ਤੁਰੰਤ ਕਰਵਾਈ ਜਾਵੇਗੀ ਅਤੇ ਇਸ ਮੰਤਵ ਲਈ ਡਰੇਨੇਜ ਵਿਭਾਗ ਨਾਲ ਜ਼ਿਲ੍ਹੇ ਦੇ ਹੋਰ ਇੰਜੀਨੀਅਰਿੰਗ ਵਿੰਗ ਜਿਨ੍ਹਾਂ ’ਚ ਨਹਿਰੀ ਮਹਿਕਮਾ, ਪੰਚਾਇਤੀ ਰਾਜ, ਜਲ ਸਪਲਾਈ ਤੇ ਸੈਨੀਟੇਸ਼ਨ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਆਦਿ ਸ਼ਾਮਿਲ ਹਨ, ਨੂੰ ਸਹਿਯੋਗ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਬਲਾਚੌਰ ’ਚ ਬੰਨ੍ਹ ਮਜ਼ਬੂਤੀ ਦਾ ਕੰਮ ਕਰਵਾ ਰਹੇ ਡਰੇਨੇਜ ਮਹਿਕਮੇ ਦੇ ਐਸ ਡੀ ਓ ਅਵਤਾਰ ਸਿੰਘ ਅਤੇ ਨਵਾਂਸ਼ਹਿਰ ਸਬ ਡਵੀਜ਼ਨ ’ਚ ਬੰਨ੍ਹ ਮਜ਼ਬੂਤੀ ਦਾ ਕੰਮ ਕਰਵਾ ਰਹੇ ਐਸ ਡੀ ਓ ਕੇਹਰ ਚੰਦ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਲ੍ਹ ਸਮੇਂ ਸਿਰ ਦਿੱਤੀ ਮਾਨਵੀ ਸ਼ਕਤੀ ਤੇ ਲੋੜੀਂਦੀ ਮਸ਼ੀਨਰੀ ਨਾਲ ਕਰਵਾਏ ਕੰਮ ਤੋਂ ਬਾਅਦ ਇਨ੍ਹਾਂ ਛੇਆਂ ਥਾਂਵਾਂ ’ਤੇ ਹੀ ਬੰਨ੍ਹ ਨੂੰ ਹੁਣ ਕੋਈ ਖਤਰਾ ਨਹੀਂ। ਉਨ੍ਹਾਂ ਦੱਸਿਆ ਕਿ ਦੁਪਹਿਰ 2 ਵਜੇ ਦਰਿਆ ’ਚ ਪਾਣੀ ਦੀ ਸਥਿਤੀ 68 ਹਜ਼ਾਰ ਕਿਊਸਕ ਸੀ ਜੋ ਕਿ ਕਲ੍ਹ ਦੁਪਹਿਰ ਦੇ 2.23 ਲੱਖ ਕਿਊਸਕ ਦੇ ਮੁਕਾਬਲੇ ਬਹੁਤ ਘੱਟ ਹੈ।
ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ ਅਨੁਸਾਰ ਨਵਾਂਸ਼ਹਿਰ ਸਬ ਡਵੀਜ਼ਨ ’ਚ ਬੰਨ੍ਹ ਦੀ ਹਾਲਤ ਬਿਲਕੁੱਕ ਸੁਰੱਖਿਅਤ ਹੈ ਅਤੇ ਜਿੱਥੇ ਕਿਧਰੇ ਥੋੜ੍ਹੀ ਬਹੁਤ ਢਾਹ ਲੱਗਣ ਦੀ ਸੂਚਨਾ ਸੀ, ਉਸ ’ਤੇ ਕਲ੍ਹ ਹੀ ਕਾਬੂ ਪਾ ਲਿਆ ਗਿਆ ਸੀ।