ਸਵਰਗੀ ਮੋਹਨ ਲਾਲ ਭਾਸਕਰ ਐਵਾਰਡ ਨਾਲ ਸਨਮਾਨਿਤ
ਗੁਰਨਾਮ ਸਿੱਧੂ
ਫਿਰੋਜ਼ਪੁਰ 02 ਦਸੰਬਰ 2019 : ਪੰਜਾਬ ਵਿਚ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਡੁੱਬੀ ਨੌਜਵਾਨੀ ਸਦਕਾ ਜਿਥੇ ਮਾਪਿਆਂ ਸਮੇਤ ਸਮਾਜ ਪੂਰੀ ਤਰ੍ਹਾਂ ਪ੍ਰੇਸ਼ਾਨੀ ਦੇ ਆਲਮ ਵਿਚ ਡੁੱਬਾ ਹੋਇਆ ਹੈ, ਉਥੇ ਅਮਿਤ ਫਾਊਂਡੇਸ਼ਨ ਦੇ ਝੰਡੇ ਹੇਠ ਸਮਾਜ ਸੇਵਾ ਦੇ ਕੰਮ ਕਰਕੇ ਛੋਟੀ ਉਮਰੇ ਵੱਡੀਆਂ ਪੁਲਾਂਗਾ ਪੁੱਟਣ ਵਾਲੇ ਵਿਪੁਲ ਨਾਰੰਗ ਹੋਇਆ ਸਵਰਗੀ ਮੋਹਨ ਲਾਲ ਭਾਸਕਰ ਐਵਾਰਡ ਨਾਲ ਸਨਮਾਨਿਤ। ਫ਼ਿਰੋਜ਼ਪੁਰ ਵਿਚ ਰਹਿ ਕੇ ਗਰੀਬ ਬੱਚਿਆਂ ਨੂੰ ਉਚੇਰੀ ਪੜ੍ਹਾਈ ਕਰਵਾਉਣ ਦਾ ਬੀੜਾ ਚੁੱਕਣ ਵਾਲੀ ਸੰਸਥਾ ਅਮਿਤ ਫਾਊਡੇਸ਼ਨ ਨੇ ਜਿਥੇ ਅਨੇਕਾਂ ਜ਼ਰੂਰਤਮੰਦ ਔਰਤਾਂ ਦਾ ਡਾਕਟਰੀ ਇਲਾਜ਼ ਕਰਵਾ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਦਾ ਹੰਭਾਲਾ ਮਾਰਿਆ, ਉਥੇ ਜ਼ਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਤੋਂ ਲੈ ਫੀਸਾਂ ਤੱਕ ਅਦਾ ਕਰਕੇ ਹੋਣਹਾਰ ਬੱਚਿਆਂ ਨੂੰ ਕੁਝ ਬਨਣ ਲਈ ਪ੍ਰੇਰਿਤ ਕੀਤਾ। ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਚ ਇਕ ਦਿਨ ਤੋਂ ਸ਼ੁਰੂ ਹੋਇਆ ਲੰਗਰ ਹੁਣ ਰੋਜ਼ਾਨਾ ਲੱਗਣਾ ਸ਼ੁਰੂ ਹੋ ਗਿਆ, ਜਿਸ ਵਿਚ ਹਸਪਤਾਲ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਖਾਣੇ ਦੀ ਸਹੂਲਤ ਪ੍ਰਦਾਨ ਕੀਤੀ ਹੋਈ ਹੈ। ਸਮਾਜ ਸੇਵੀ ਕਾਰਜਾਂ ਵਿਚ ਬਹੁਮੁੱਲਾ ਯੋਗਦਾਨ ਪਾਉਣ ਬਦਲੇ ਸਵਰਗੀ ਮੋਹਨ ਲਾਲ ਭਾਸਕਰ ਦੀ ਯਾਦ ਵਿਚ ਹੋਏ ਆਲ ਇੰਡੀਆ ਮੁਸ਼ਾਇਰਾ ਸਮਾਗਮ ਦੌਰਾਨ ਸੰਸਥਾ ਦੇ ਸੰਸਥਾਪਕਾਂ ਨੇ ਜਿਥੇ ਹੋਰਨਾਂ ਖਿੱਤਿਆਂ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ, ਉਥੇ ਇਸ ਨੌਜਵਾਨ ਸਮਾਜ ਸੇਵੀ ਵਿਪੁਲ ਨਾਰੰਗ ਨੂੰ ਸਮਜ ਸੇਵੀ ਵਜੋਂ ਸਨਮਾਨਿਤ ਕਰਕੇ ਉਸ ਦੀ ਹੌਂਸਲਾ ਅਫਜਾਈ ਕੀਤੀ। ਸਵਰਗੀ ਮੋਹਨ ਲਾਲ ਭਾਸਕਰ ਐਵਾਰਡ ਮਿਲਣ 'ਤੇ ਆਪਣੇ ਲਈ ਮਾਣ ਵਾਲੀ ਗੱਲ ਦੱਸਦਿਆਂ ਵਿਪੁਲ ਨਾਰੰਗ ਨੇ ਸਪੱਸ਼ਟ ਕੀਤਾ ਕਿ ਉਸ ਸਮੇਤ ਵੱਡੀ ਟੀਮ ਵੱਲੋਂ ਸਮਾਜ ਸੇਵਾ ਦੇ ਕਾਰਜ ਕਰਨ ਦਾ ਭਾਵੇਂ ਹੰਭਾਲਾ ਮਾਰਿਆ ਜਾ ਰਿਹਾ ਹੈ, ਪਰ ਇਹ ਸਭ ਉਸ ਅਕਾਲ ਪੁਰਖ ਦੀ ਮਰਜ਼ੀ ਨਾਲ ਚੱਲ ਰਿਹਾ ਹੈ। ਨੌਜਵਾਨ ਆਗੂ ਵਿਪੁਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਮਨੋਰਥ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਹਰ ਲੋੜਵੰਦ ਨੂੰ ਡਾਕਟਰੀ ਸਹੂਲਤ ਦੇ ਨਾਲ-ਨਾਲ ਖਾਣਾ ਮੁਹੱਈਆ ਕਰਵਾਉਣਾ ਹੈ, ਜਿਸ ਨੂੰ ਪੂਰਾ ਕਰਨ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਉਸ ਨੇ ਸਪੱਸ਼ਟ ਕੀਤਾ ਕਿ ਉਹ ਸਵਰਗੀ ਮੋਹਨ ਲਾਲ ਭਾਸਕਰ ਦੇ ਦਰਸਾਏ ਮਾਰਗ 'ਤੇ ਚੱਲ ਕੇ ਸਮਾਜ ਸੇਵੀ ਕਾਰਜਾਂ ਨੂੰ ਹੋਰ ਸ਼ਿੱਦਤ ਨਾਲ ਨਿਭਾਵਾਂਗਾ।