ਡਾ. ਪ੍ਰਿਤਪਾਲ ਸਿੰਘ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ।
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 3 ਦਸੰਬਰ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ ਦੇ ਵਾਈਸ-ਚਾਂਸਲਰ, ਡਾ. ਪ੍ਰੀਤਪਾਲ ਸਿੰਘ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜੀ ਵਾਰ ਪ੍ਰਧਾਨ ਬਣਨ ਤੇ ਵਧਾਈ ਦਿੱਤੀ। ਡਾ. ਪਰਿਤਪਾਲ ਨੇ ਕਿਹਾ ਕਿ ਭਾਈ ਗੋਬਿੰਦ ਸਿੰਘ ਯੂਨੀਵਰਸਿਟੀ ਦੇ ਚਾਂਸਲਰ ਦੇ ਤੌਰ ਤੇ ਵੀ ਆਪਣੀ ਅਗਵਾਈ ਦੇ ਰਹੇ ਹਨ, ਜਿਸ ਸਦਕਾ ਯੂਨੀਵਰਸਿਟੀ ਲਗਾਤਾਰ ਤਰੱਕੀ ਦੇ ਮਾਰਗ ਤੇ ਪੁਲਾਂਘਾਂ ਪੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈ ਲੌਂਗੋਵਾਲ ਦੀਆਂ ਸੇਧਾਂ ਸਦਕਾ ਪੰਜਾਬ ਵਿੱਚੋਂ ਹੀ ਨਹੀਂ ਸਗੋਂ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀ ਦਾਖਲਾ ਲੈ ਕੇ ਯੂਨੀਵਰਸਿਟੀ ਦੀਆਂ ਵਿੱਦਿਅਕ ਸੇਵਾਵਾਂ ਲੈ ਰਹੇ ਹਨ। ਉਨ੍ਹਾਂ ਅੱਗੇ ਸਾਂਝ ਪਾਉਂਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਨਾਮ ਹੇਠ ਸਥਾਪਤ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਸਮਰਪਿਤ ਇਹ ਉੱਚ ਸਿੱਖਿਆ ਦਾ ਅਦਾਰਾ ਭਾਈ ਲੌਂਗੋਵਾਲ ਦੀ ਅਗਵਾਈ ਅਧੀਨ ਭਵਿੱਖ ਵਿੱਚ ਵੀ ਮਾਣਮੱਤੀਆਂ ਪ੍ਰਾਪਤੀਆਂ ਵੱਲ ਵਧਦਾ ਹੋਇਆ ਮਾਨਵਤਾ ਦੀ ਸੇਵਾ ਵਿੱਚ ਲਗਾਤਾਰ ਯਤਨਸ਼ੀਲ ਰਹੇਗਾ।
ਇੱਥੇ ਵਰਨਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਤ ਪਹਿਲੀ ਯੂਨੀਵਰਸਿਟੀ ਹੈ, ਜੋ ਕਿ ਪਿਛਲੇ 8-9 ਵਰ੍ਹਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼, ਸਿੱਖ ਸਟੱਡੀਜ਼, ਸਾਇੰਸ, ਇੰਜੀਨੀਅਰਿੰਗ, ਮੈਨੇਜਮੈਂਟ, ਇਮਰਜਿੰਗ ਟੈਕਨੋਲੋਜੀਜ਼, ਐਜੂਕੇਸ਼ਨ, ਕਾਮਰਸ, ਸੋਸ਼ਲ ਸਾਇੰਸ ਅਤੇ ਸਪੋਰਟਸ ਆਦਿ ਖੇਤਰਾਂ ਵਿੱਚ ਅਕਾਦਮਿਕ ਕੋਰਸਾਂ ਅਤੇ ਖੋਜਾਂ ਰਾਹੀਂ ਸਿੱਖਿਆ ਦੇ ਖੇਤਰ ਵਿੱਚ ਨਾਮਣਾ ਖੱਟ ਰਹੀ ਹੈ। ਯੂ.ਜੀ.ਸੀ. ਤੋਂ ਮਾਨਤਾ ਪ੍ਰਾਪਤ ਇਸ ਸੰਸਥਾ ਤੋਂ ਪੜ੍ਹਕੇ ਜਾ ਰਹੇ ਵਿਦਿਆਰਥੀ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਕਾਮਯਾਬੀ ਦੇ ਝੰਡੇ ਗੱਡ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵਰ੍ਹਿਆਂ ਦੌਰਾਨ ਇੱਥੋਂ ਦੀ ਹੋਣਹਾਰ ਫੈਕਲਟੀ ਕਰੋੜਾਂ ਰੁਪਏ ਦੇ ਖੋਜ ਪ੍ਰੋਜੈਕਟ/ਫੈਲੋਸ਼ਿਪਸ ਵੱਖ-ਵੱਖ ਭਾਰਤੀ ਖੋਜ ਏਜੰਸੀਆਂ ਜਿਵੇਂ ਕਿ CSIR, DST, UGC, BARC, ICAR ਆਦਿ, ਤੋਂ ਫੰਡਿਗ ਪ੍ਰਾਪਤ ਕਰਕੇ ਅਨੇਕਾਂ ਹੀ ਖੋਜਾਰਥੀਆਂ ਨੂੰ ਗਾਈਡ ਕਰਦੇ ਹੋਏ ਆਪਣੇ ਸਾਇੰਟਿਫਿਕ ਕਾਰਜਾਂ ਨੂੰ ਦੇਸ਼ ਦੁਨੀਆ ਤੱਕ ਲੈ ਕੇ ਜਾ ਰਹੇ ਹਨ। ਇਸ ਮੌਕੇ ਵਾਈਸ-ਚਾਂਸਲਰ ਦੇ ਨਾਲ ਯੂਨੀਵਰਸਿਟੀ ਦਾ ਸਟਾਫ਼ ਵੀ ਮੌਜੂਦ ਸੀ।