ਅਸ਼ੋਕ ਵਰਮਾ
ਬਠਿੰਡਾ, 16 ਜਨਵਰੀ 2020 - ਪੰਜਾਬ ਦੀਆਂ ਸੰਘਰਸ਼ੀ ਧਿਰਾਂ ਵੱਲੋਂ ਹੱਕੀ ਮੰਗਾਂ ਤੇ ਮਸਲਿਆਂ ਲਈ ਕੀਤੇ ਜਾਂਦੇ ਸੰਘਰਸ਼ ਕਿਰਤ ਵਿਚਲੇ ਦਸਵੰਧ ਨਾਲ ਚੱਲਦੇ ਹਨ। ਇਹ ਅਲਹਿਦਾ ਹੈ ਕਿ ਹਕੂਮਤਾਂ ਉਨਾਂ ਦਾ ਦਰਦ ਪਛਾਨਣ ਤੋਂ ਮੁਨਕਰ ਹੋ ਰਹੀਆਂ ਹਲ। ਇੰਨਾਂ ਮੋਰਚਿਆਂ ਦੀ ਪੜਚੋਲ ਉਪਰੰਤ ਇਹ ਤੱਥ ਸਾਹਮਣੇ ਆਏ ਹਨ ਕਿ ਕਿਸਾਨਾਂ ਮਜਦੂਰਾਂ ਅਤੇ ਜਨਤਕ ਜੱਥੇਬੰਦੀਆ ਦੇ ਹਮਾਇਤੀਆ ਵੱਲੋਂ ਸੰਘਰਸ਼ ਖਾਤਰ ਆਪਣੇ ਨੇਕ ਕਮਾਈ ਚੋਂ ਬਣਦਾ ਯੋਗਦਾਨ ਦਿੱਤਾ ਜਾ ਰਿਹਾ ਹੈ।
ਵੇਰਵਿਆਂ ਅਨੁਸਾਰ ਕਿਸਾਨ ਧਿਰਾਂ ਫਸਲ ਦੀ ਆਮਦ ਮੌਕੇ ਪਿੰਡਾਂ ‘ਚ ਫੰਡ ਮੁਹਿਮ ਚਲਾਉਂਦੀਆਂ ਹਨ ਜਦੋਂਕਿ ਮਜਦੂਰ ਵਰਗ ਨੇ ਸੰਘਰਸ਼ਾਂ ਵਾਸਤੇ ਮਜਦੂਰਾਂ ਵੱਲੋਂ ਝੋਨਾ ਵਗੈਰਾ ਲਾਕੇ ਚੰਦਾ ਦੇਣ ਦੀ ਪਿਰਤ ਪਾਈ ਹੈ । ਕਰੀਬ 4 ਵਰੇ ਪਹਿਲਾ ਇਸ ਤਰਾਂ ਦੀ ਨਿਵੇਕਲੀ ਸ਼ੁਰੂਆਤ ਮਜਦੂਰਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਤੋਂ ਉਦੋਂ ਕੀਤੀ ਸੀ ਜਦ ਉਹ ਤੱਤਕਾਲੀ ਸਰਕਾਰ ਖਿਲਾਫ ਲੜਾਈ ਲੜ ਰਹੇ ਸਨ। ਦੂਸਰੀ ਤਰਫ ਬਹੁਤੇ ਕਿਸਾਨ ਤਾਂ ਯੂਨੀਅਨਾਂ ਨੂੰ ਚੰਦੇ ਦੀ ਥਾਂ ਕਣਕ ਦਿੰਦੇ ਹਨ। ਉਂਜ ਸੰਘਰਸ਼ ’ਚ ਸ਼ਾਮਲ ਹੋਣ ਵਾਲੇ ਲੋਕ ਮੌਕੇ ਤੇ ਵੀ ਮਾਇਆ ਭੇਂਟ ਕਰਦੇ ਹਨ ਜੋਕਿ ਕਾਫੀ ਹੱਦ ਤੱਕ ਖਰਚਿਆ ਲਈ ਸਹਾਈ ਹੁੰਦੀ ਹੈ।
ਇਸ ਤੋਂ ਬਿਨਾਂ ਜਦੋਂ ਕੋਈ ਅੰਦੋਲਨ ਸ਼ੁਰੂ ਕਰਨਾ ਹੁੰਦਾ ਹੈ ਤਾਂ ਉਦੋਂ ਵੀ ਕੱਚਾ ਰਾਸ਼ਨ,ਆਟਾ,ਦਾਲਾਂ,ਲੱਕੜਾਂ ਤੇ ਮਿਰਚ ਮਸਾਲਾ ਵੀ ਯੂਨੀਅਨ ਦੇ ਕਾਰਕੁੰਨਾਂ ਨੂੰ ਭੇਂਟ ਕਰ ਦਿੱਤਾ ਜਾਂਦਾ ਹੈ। ਖਾਸ ਤੱਥ ਹੈ ਕਿ ਧਰਨੇ ਆਦਿ ਵਾਲੀ ਥਾਂ ਤੇ ਕਿਸਾਨ ਪਿੰਡਾਂ ਚੋਂ ਦੁੱਧ ਰੋਜਾਨਾ ਲੈ ਆਉਂਦੇ ਹਨ। ਕਿਸਾਨ ਮਜਦੂਰ ਜੱਥੇਬੰਦੀਆਂ ਨੂੰ ਧਰਨੇ ਲਈ ਟੈਂਟ ਤੇ ਦਰੀਆਂ ਦੇ ਕਿਰਾਏ ਦੀ ਵੱਡੀ ਅਦਾਇਗੀ ਕਰਨੀ ਪੈਂਦੀ ਹੈ। ਇਸ ਤੋਂ ਬਿਨਾਂ ਲਾੳੂਡ ਸਪੀਕਰ ਦਾ ਵੀ ਕਾਫੀ ਕਿਰਾਇਆ ਬਣ ਜਾਂਦਾ ਹੈ।
ਭਾਰਤੀ ਕਿਸਾਨ ਯੂਨਂਅਨ ਉਗਰਾਹਾਂ ਨੇ ਤਾਂ ਲੋਕ ਮਸਲਿਆਂ ਲਈ ਲੜਾੲਂਆਂ ਵਾਸਤੇ ਕਾਫੀ ਅਜਿਹਾ ਸਮਾਨ ਖਰੀਦ ਲਿਆ ਹੈ। ਲੱਖਾਂ ਰੁਪਏ ਖਰਚਾ ਗੱਡੀਆਂ ਦੇ ਕਿਰਾਏ ਦਾ ਬਣ ਜਾਦਾ ਹੈ ਜੋਕਿ ਜੱਥੇਬੰਦੀਆਂ ਇਕੱਤਰ ਫੰਡ ਚੋ ਅਦਾ ਕਰਦੀਆਂ ਹਨ। ਹੁਣ ਦਿੱਲੀ ਵਿਖੇ ਚੱਲ ਰਹੇ ਕੌਮੀ ਨਾਗਰਿਕਤਾ ਕਾਨੂੰਨ ਆਦਿ ਨੂੰ ਲੈਕੇ ਲੜਾਈ ਲੜਨ ਵਾਲਿਆਂ ਦੀ ਹਮਾਇਤ ’ਚ ਵੀ ਪੰਜਾਬ ਚੋਂ ਅੱਧੀ ਦਰਜਨ ਬੱਸਾਂ ਗਈਆਂ ਹਨ ਜਿੰਨਾ ਕੋਲ ਲੰਗਰ ਬਨਾਉਣ ਲਈ ਰਸਦ ਹੈ। ਕਿਸਾਨ ਆਗੂ ਆਖਦੇ ਹਨ ਕਿ ਪੈਸਿਆਂ ਦਾ ਪੂਰਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ। ਮਹੱਤਵਪੂਰਨ ਤੱਥ ਹੈ ਕਿ ਕੋਈ ਵੀ ਵਿਅਕਤੀ ਫੰਡ ਚੋਂ ਇੱਕ ਪੈਸਾ ਵੀ ਫਾਲਤੂ ਖਰਚ ਨਹੀਂ ਕਰਦਾ ਹੈ।
ਵੱਡੇ ਖਰਚਿਆਂ ਦਾ ਸਾਹਮਣਾ
ਪਿਛਲੇ ਦਸ ਵਰਿਆਂ ਦੌਰਾਨ ਜਨਤਕ ਧਿਰਾਂ ਦਾ ਵੱਡਾ ਖਰਚਾ ਕਿਸਾਨ ਆਗੂ ਮਨਜੀਤ ਧਨੇਰ ਦੀ ਰਿਹਾਈ ਲਈ ਆਇਆ ਹੈ। ਖੁਦਕਸ਼ੀਆਂ ਤੋਂ ਪੀੜਤ ਕਿਸਾਨ ਮ੍ਰਜਦੂਰ ਪ੍ਰੀਵਾਰਾਂ ਨੂੰ ਮੁਆਵਜਾ ਦਿਵਾਉਣ ਲਈ ਵੀ ਕਿਰਤ ਕਮਾਈ ਦੇ ਪੈਸੇ ਸਹਾਈ ਹੋਏ ਹਨ। ਚਿੱਟੇ ਮੱਛਰ ਦੇ ਮੁਆਵਜੇ ਨੂੰ ਲੈਕੇ ਚੱਲੇ 18 ਰੋਜਾ ਸੰਘਰਸ਼ ਦੌਰਾਨ ਵੀ ਕਿਸਾਨ ਅਤੇ ਮਜਦੂਰ ਯੂਨੀਅਨਾਂ ਨੂੰ ਲੱਖਾਂ ਦਾ ਖਰਚਾ ਕਰਨਾ ਪਿਆ ਸੀ ਅਤੇ ਦੋਵਾਂ ਧਿਰਾਂ ਦਾ ਕਰੀਬ 20 ਲੱਖ ਰੁਪਿਆ ਸਿਰਫ ਗੱਡੀਆਂ ਦਾ ਕਿਰਾਇਆ ਹੀ ਲੱਗ ਗਿਆ ਸੀ। ਗੋਬਿੰਦਪੁਰਾ ਤਾਪ ਬਿਜਲੀ ਘਰ ਮੌਕੇ ਚੱਲੇ ਸੰਘਰਸ਼ ਦੌਰਾਨ ਵੀ ਕਿਸਾਨ ਧਿਰਾਂ ਨੂੰ ਕਾਫੀ ਖਰਚ ਕਰਨਾ ਪਿਆ ਸੀ । ਸਤੰਬਰ 2009 ‘ਚ ਬਿਜਲੀ ਬੋਰਡ ਦੇ ਨਿਗਮੀਕਰਨ ਮੌਕੇ ਵੀ ਕਿਸਾਨ ਯੂਨੀਅਨ ਦੇ ਫੰਡ ਦੀ ਵੱਡੀ ਰਾਸ਼ੀ ਲੜਾਈ ਲੇਖੇ ਲੱਗ ਗਈ ਸੀ ਇੰਨਾਂ ਸੰਘਰਸ਼ਾਂ ‘ਚ ਤਾਂ ਕਿਸਾਨ ਮਜਦੂਰ ਯੂਨੀਅਨਾਂ ਨੂੰ ਆਪਣੇ ਕਈ ਵਰਕਰ ਵੀ ਗੁਆਉਣ ਪਏ ਹਨ।
ਸੰਘਰਸ਼ੀ ਲੋਕਾਂ ‘ਚ ਭਾਰੀ ਉਤਸ਼ਾਹ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਜਸਬੀਰ ਸਿੰਘ ਬੁਰਜਸੇਮਾਂ ਦਾ ਕਹਿਣਾ ਸੀ ਕਿ ਸੰਘਰਸ਼ੀ ਕਣਕ ਦੇਣ ਮੌਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਉਨਾਂ ਦੱਸਿਆ ਕਿ ਤੰਗੀ ਤੁਰਸ਼ੀ ਦੇ ਬਾਵਜੂਦ ਦਿਲ ਖੋਹਲ ਕੇ ਕਿਸਾਨ ਯੂਨੀਅਨ ਦੀ ਸਹਾਇਤਾ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਕਾਨੂੰਨੀ ਮਾਮਲਿਆਂ ਤੇ ਹੋਰ ਕੇਸਾਂ ‘ਚ ਵੀ ਜੋ ਖਰਚ ਕਰਨਾ ਪਿਆ ਹੈ ਉਹ ਕਿਸਾਨਾਂ ਦੀ ਨੇਕ ਕਮਾਈ ਦੇ ਪੈਸੇ ਹਨ। ਸ੍ਰੀ ਬੁਰਜਸੇਮਾਂ ਨੇ ਦੱਸਿਆ ਕਿ ਹੁਣ ਤੱਕ ਸੰਘਰਸ਼ਾਂ ਤੇ ਲੱਖਾਂ ਰੁਪਏ ਉੱਡ ਚੁੱਕੇ ਹਨ ਪਰ ਸਰਕਾਰਾਂ ਨੇ ਕਿਸਾਨ ਅਤੇ ਲੋਕ ਮਸਲਿਆਂ ਪ੍ਰਤੀ ਅੜੀ ਫੜੀ ਹੋਈ ਹੈ।
ਭੁੱਖਿਆਂ ਵੀ ਲੜੀ ਜਾ ਸਕਦੀ ਲੜਾਈ
ਲੋਕ ਮੋਰਚਾ ਪੰਜਾਬ ਦੇ ਆਗੂ ਗੁਰਮਖ ਸਿੰਘ ਦਾ ਕਹਿਣਾ ਸੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨਾਂ ਕੇਵਲ ਆਮ ਲੋਕਾਂ , ਕਿਸਾਨਾਂ ਅਤੇ ਮਜਦੂਰਾਂ ਦੇ ਹਿੱਤ ਮਹਿਫੂਜ਼ ਰੱਖਣ ‘ਚ ਫੇਲ ਰਹੀਆਂ ਹਨ ਬਲਕਿ ਹਕੂਮਤਾਂ ਦੀ ਹਰ ਨੀਤੀ ਧਨਾਂਢ ਘਰਾਣਿਆ ਅਤੇ ਦੇਸੀ ਵਿਦੇਸ਼ੀ ਕੰਪਨੀਆਂ ਨੂੰ ਪੱਠੇ ਪਾਉਣ ਵਾਲੀ ਬਣਾਈ ਜਾ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਹਰ ਪਾਸੇ ਤੋਂ ਮਾਰ ਝੱਲਣੀ ਪੈ ਰਹੀ ਹੈ । ਉਨਾਂ ਆਖਿਆ ਕਿ ਸ਼ਾਇਦ ਰਾਜ ਗੱਦੀਆਂ ਤੇ ਬੈਠੇ ਲੋਕਾਂ ਦੀ ਸੋਚ ਹੈ ਕਿ ਸੰਘਰਸ਼ੀ ਧਿਰਾਂ ਆਰਥਿਕ ਮਾਰ ਨਾਲ ਟੁੱਟ ਜਾਣਗੀਆਂ ਪਰ ਇਹ ਉਨਾਂ ਦਾ ਵਹਿਮ ਹੈ ਕਿਉਂਕਿ ਅਜਾਦੀ ਦੀ ਲੜਾਈ ਲੜਨ ਵਾਲਿਆਂ ਨੇ ਤਾਂ ਭੁੱਖੇ ਪੇਟ ਰਹਿਕੇ ਵੀ ਅੰਗਰੇਜਾਂ ਨੂੰ ਮੁਲਕ ਚੋਂ ਕੱਢ ਦਿੱਤਾ ਸੀ।