ਵਧੀਕ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ, ਮਾਤਾ ਗੁਜ਼ਰੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਯੂ.ਪੀ.ਐਸ.ਸੀ. ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਜਾਣਕਾਰੀ ਦਿੰਦੇ ਹੋਏ।
ਵਿਦਿਆਰਥੀ ਰੋਜ਼ਾਨਾਂ ਅਖ਼ਬਾਰ ਪੜ੍ਹਨ ਨੂੰ ਆਪਣੀ ਆਦਤ ਵਿੱਚ ਕਰਨ ਸ਼ੁਮਾਰ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 19 ਫਰਵਰੀ : ਸਖਤ ਮਿਹਨ ਤੇ ਸਮਰਪਿਤ ਭਾਵਨਾ ਨਾਲ ਪੜਾਈ ਕਰਕੇ ਔਖੇ ਤੋਂ ਔਖਾ ਇਮਤਿਹਾਨ ਵੀ ਪਾਸ ਕੀਤਾ ਜਾ ਸਕਦਾ ਹੈ, ਇਸ ਲਈ ਵਿਦਿਆਰਥੀ ਯੂ.ਪੀ.ਐਸ.ਸੀ. ਦੀਆਂ ਪ੍ਰੀਖਿਆਵਾਂ ਪਾਸ ਕਰਨ ਦੇ ਡਰ ਨੂੰ ਆਪਣੇ ਮਨ ਵਿੱਚੋਂ ਦੂਰ ਕੱਢ ਕੇ ਸਮਰਪਿਤ ਭਾਵਨਾ ਨਾਲ ਆਪਣੀ ਪੜਾਈ ਕਰਨ ਅਤੇ ਉਨ੍ਹਾਂ ਵਿੱਚੋਂ ਵੀ ਆਈ.ਏ.ਐਸ., ਆਈ.ਪੀ.ਐਸ. ਤੇ ਆਈ.ਐਫ.ਐਸ. ਅਧਿਕਾਰੀ ਬਣ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ, ਜੋ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਮੁੱਖ ਕਾਰਜਕਾਰੀ ਅਫਸਰ ਵੀ ਹਨ, ਨੇ ਮਾਤਾ ਗੁਜਰੀ ਕਾਲਜ ਵਿਖੇ ਕਾਲਜ ਦੇ ਵਿਦਿਆਰਥੀਆਂ ਨੂੰ ਯੂ.ਪੀ.ਐਸ.ਸੀ. ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਯੂ.ਪੀ.ਐਸ.ਸੀ. ਦੀਆਂ ਮੁੱਖ ਤਿੰਨ ਸੇਵਾਵਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਦੇਸ਼ ਦੇ ਰਾਸ਼ਟਰਪਤੀ ਵੱਲੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ ਜੋ ਕਿ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਵੱਲੋਂ ਸਰਟੀਫਿਕੇਟ ਪ੍ਰਾਪਤ ਵਿਅਕਤੀ ਵਿੱਚ ਆਪਣੇ ਆਪ ਹੀ ਦੇਸ਼ ਲਈ ਕੁਝ ਕਰਨ ਦੀ ਭਾਵਨਾ ਪੈਦਾ ਹੋ ਜਾਂਦੀ ਹੈ।
ਸ.ਜਸਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਯੂ.ਪੀ.ਐਸ.ਸੀ. ਵੱਲੋਂ 22 ਭਾਸ਼ਾਵਾਂ ਵਿੱਚ ਇਮਤਿਹਾਨ ਲਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਪੰਜਾਬੀ ਵੀ ਇੱਕ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਹਾਨੂੰ ਅੰਗਰੇਜੀ ਘੱਟ ਆਉਂਦੀ ਹੈ ਤੇ ਪਤਾ ਨਹੀਂ ਇੰਟਰਵਿਊ ਵਿੱਚ ਕੀ ਹੋਵੇਗਾ ਸਗੋਂ ਹਮੇਸ਼ਾਂ ਆਪਣੀ ਮਾਂ ਬੋਲੀ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੇਰਤ ਕੀਤਾ ਕਿ ਉਹ ਯੂ.ਪੀ.ਐਸ.ਸੀ. ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਐਨ.ਸੀ.ਆਰ.ਟੀ. ਦੀਆਂ ਕਿਤਾਬਾਂ ਪੜ੍ਹਨ ਨੂੰ ਤਰਜ਼ੀਹ ਦੇਣ ਅਤੇ ਰੋਜ਼ਾਨਾਂ ਅਖ਼ਬਾਰ ਪੜ੍ਹਨ ਨੂੰ ਆਪਣੀ ਆਦਤ ਵਿੱਚ ਸ਼ੁਮਾਰ ਕਰਨ। ਉਨ੍ਹਾਂ ਦੱਸਿਆ ਕਿ ਯੂ.ਪੀ.ਐਸ.ਸੀ. ਅਧੀਨ ਕੁੱਲ 24 ਸੇਵਾਵਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਪਾਸ ਕਰਕੇ ਅਧਿਕਾਰੀ ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਸਾਲ ਯੂ.ਪੀ.ਐਸ.ਸੀ. ਦੀਆਂ ਪ੍ਰੀਖਿਆਵਾਂ ਲਈ 14 ਤੋਂ 15 ਲੱਖ ਪ੍ਰਾਰਥੀ ਫਾਰਮ ਭਰਦੇ ਹਨ ਜਿਨ੍ਹਾਂ ਵਿੱਚੋਂ 3 ਤੋਂ 4 ਲੱਖ ਪ੍ਰਾਰਥੀ ਹੀ ਪ੍ਰੀਖਿਆਵਾਂ ਵਿੱਚ ਬੈਠਦੇ ਹਨ ਅਤੇ ਇਨ੍ਹਾਂ ਵਿੱਚੋਂ 5000 ਪ੍ਰਾਰਥੀ ਹੀ ਮੁੱਖ ਇਮਤਿਹਾਨ ਦਿੰਦੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਹਜ਼ਾਰ ਪ੍ਰਾਰਥੀ ਇੰਟਰਵਿਊ ਲਈ ਚੁਣੇ ਜਾਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਗਿਣਤੀ ਤੋਂ ਡਰ ਕੇ ਕਦੇ ਵੀ ਪਿਛੇ ਨਹੀਂ ਹਟਣਾ ਚਾਹੀਦਾ ਸਗੋਂ ਇਹ ਸੋਚ ਕੇ ਫਾਰਮ ਭਰਨੇ ਚਾਹੀਦੇ ਹਨ ਕਿ ਤੁਸੀਂ ਵੀ ਉਨ੍ਹਾਂ 5000 ਪ੍ਰਾਰਥੀਆਂ ਵਿੱਚ ਸ਼ਾਮਲ ਹੋ ਸਕਦੇ ਹੋ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਇਸ ਸਾਲ ਯੂ.ਪੀ.ਐਸ.ਸੀ. ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਯੂ.ਪੀ.ਐਸ.ਸੀ. ਦੀ ਵੈਬਸਾਈਟ 'ਤੇ ਜਾ ਕੇ ਸਿਲੇਬਸ ਡਾਊਨਲੋਡ ਕਰ ਸਕਦੇ ਹਨ ਅਤੇ ਉਥੇ ਹੀ ਪੁਰਾਣੇ ਇਮਤਿਹਾਨਾਂ ਦੀਆਂ ਕਾਪੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਆਈ.ਏ.ਐਸ. ਦਾ ਮੁੱਖ ਮੰਤਵ ਦੇਸ਼ ਦੇ ਲੋਕਾਂ ਦੀ ਭਲਾਈ ਅਤੇ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣਾ ਹੈ। ਕਿਉਂਕਿ ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਨੌਜਵਾਨਾਂ ਦੀ ਗਿਣਤੀ ਹੈ ਅਤੇ ਜੇਕਰ ਨੌਜਵਾਨ ਸ਼ਕਤੀ ਨੂੰ ਸਹੀ ਰਾਹ ਵਿਖਾਇਆ ਜਾਵੇ ਤਾਂ ਸਾਡਾ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ।
ਇਸ ਮੌਕੇ ਪਲੇਸਮੈਂਟ ਅਫਸਰ ਸ. ਜਸਵਿੰਦਰ ਸਿੰਘ ਨੇ ਬੈਕਿੰਗ ਸਰਵਿਸ ਅਤੇ ਕੈਰੀਅਰ ਕਾਊਂਸਲਰ ਸ਼੍ਰੀ ਅਨੁੱਜ ਕਿਸ਼ੋਰ ਦੱਤਾ ਨੇ ਯੂ.ਜੀ.ਸੀ. ਨੈਟ ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਅਫਸਰ ਸ਼੍ਰੀ ਓਮੇਸ਼ ਕਾਲੜਾ ਤੇ ਮਾਤਾ ਗੁਜਰੀ ਕਾਲਜ ਦੇ ਟਰੇਨਿੰਗ ਤੇ ਪਲੇਸਮੈਂਟ ਅਫਸਰ ਸ਼੍ਰੀ ਸ਼ੋਰਭ ਸ਼ਰਮਾ ਵੀ ਮੌਜੂਦ ਸਨ।