ਪਰਵਿੰਦਰ ਸਿੰਘ ਕੰਧਾਰੀ
- ਅੱਜ ਕੁੱਖ ਅਤੇ ਰੁੱਖ ਬਚਾਉਣ ਦੀ ਸਭ ਤੋਂ ਵੱਡੀ ਲੋੜ ਹੈ - ਪਰਦੀਪ ਚਮਕ
ਫਰੀਦਕੋਟ, 9 ਜੁਲਾਈ 2020 - ਆਲੇ ਦੁਆਲੇ ਨੂੰ ਸਾਫ ਸੁਥਰਾ ਤੇ ਹਰ ਭਰਾ ਬਣਾਉਣ ਲਈ ਵਾਤਾਵਰਨ ਬੱਚਿਆ ਤੇ ਪੰਛੀਆਂ ਲਈ ਪਿਛਲੇ 15 ਸਾਲਾਂ ਤੋਂ ਨਿਰਸਵਾਰਥ ਕੋਸਿਸ਼ ਕਰ ਰਹੀ ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ) ਵੱਲੋਂ ਵਾਤਾਵਰਣ ਲਈ ਕੀਤੀਆਂ ਜਾ ਰਹੀਆ ਨਿਰਸਵਾਰਥ ਕੋਸ਼ਿਸ਼ਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਆਪਣੇ, ਬੱਚਿਆ ਤੇ ਮਾਤਾ ਪਿਤਾ ਦੇ ਜਨਮ ਦਿਨ ਸੀਰ ਨਾਲ ਮਨਾਉਣ ਲੱਗ ਪਏ ਹਨ।
ਜਾਣਕਾਰੀ ਦਿੰਦਿਆ ਪਰਦੀਪ ਚਮਕ, ਸੰਦੀਪ ਅਰੋੜਾ ਤੇ ਕੇਵਲ ਕ੍ਰਿਸ਼ਨ ਕਟਾਰੀਆ ਨੇ ਦੱਸਿਆ ਕਿ ਫਰੀਦਕੋਟ ਵਾਸੀ ਭੁਵੇਸ਼ ਕੁਮਾਰ ਜੋਨੀ ਭੂਮੀ ਰੱਖਿਆ ਤੇ ਜਲ ਸੰਭਾਲ ਮੁਲਾਜਮ ਨੇ ਆਪਣਾ ਜਨਮ ਦਿਨ ਵਾਤਾਵਰਣ ਨੂੰ ਸਮਰਪਿਤ ਕਰਕੇ ਮਨਾਇਆ । ਉਹਨਾਂ ਆਪਣਾ ਜਨਮ ਦਿਨ ਗਊਸ਼ਾਲਾਂ ਦੇ ਬਾਹਰ ਫਾਈਕਸ ਦਾ ਪੌਦਾ ਲਗਾਕੇ ਮਨਾਇਆ। ਇਸੇ ਤਰ੍ਹਾਂ ਵਿਸ਼ਾਲ ਗੌਰ ਦਾ ਜਨਮ ਦਿਨ ਰਾਮਬਾਗ ਦੇ ਸਾਹਮਣੇ ਪਿਲਕਣ ਦਾ ਪੌਦਾ ਲਗਾ ਕੇ ਮਨਾਇਆ। ਇਸੇ ਤਰ੍ਹਾਂ ਮੋਹਿਤ ਕੁਮਾਰ ਨੇ ਆਪਣੀ ਮਾਤਾ ਊਸ਼ਾ ਰਾਣੀ ਦਾ ਜਨਮ ਦਿਨ ਰਾਮ ਬਾਗ ਦੀ ਪਾਰਕਿੰਗ ਵਿੱਚ ਸ਼ਰੀਹ ਦਾ ਪੌਦਾ ਲਗਾਕੇ ਮਨਾਇਆ । ਇਸੇ ਤਰਾਂ ਕੁਲਦੀਪ ਸਿੰਘ ਬੋਨੀ ਢਿੱਲੋਂ ਨੇ ਆਪਣਾ ਜਨਮ ਦਿਨ ਸੀਰ ਮੈਂਬਰਾਂ ਨਾਲ ਮਚਾਕੀ ਮੱਲ ਸਿੰਘ ਰੋਡ ਤੇ ਪੁਲ ਦੇ ਨੇੜੇ ਬਰਕੇਨ ਦਾ ਪੌਦਾ ਲਗਾਕੇ ਮਨਾਇਆ।
ਸੀਰ ਸੰਸਥਾ ਦੇ ਮੈਂਬਰਾਂ ਨੇ ਇਹਨਾਂ ਪੌਦਿਆਂ ਨੂੰ ਦਰਖੱਤ ਬਨਣ ਤੱਕ ਸਾਂਭ ਸੰਭਾਲ ਕਰਨ ਦਾ ਵਿਸ਼ਵਾਸ ਦਿਵਾਇਆ। ਸੀਰ ਵੱਲੋਂ ਇਹਨਾਂ ਪ੍ਰੀਵਾਰਾਂ ਨੂੰ ਗਮਲੇ ਵਿੱਚ ਲੱਗੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਦੀਪ ਚਮਕ ਨੇ ਕਿਹਾ ਕਿ ਜਿੱਥੇ ਲੋਕ ਜਨਮ ਦਿਨਾਂ ਤੇ ਪਾਰਟੀਆਂ ਕਰਕੇ ਵਾਧੂ ਪੈਸੇ ਸਮਾਂ ਤੇ ਵਾਤਾਵਰਣ ਦੀ ਖਰਾਬੀ ਕਰਦੇ ਹਨ ਉੱਥੇ ਕੁਝ ਅਜਿਹੇ ਲੋਕ ਵੀ ਹਨ ਜੋ ਫਜੂਲ ਖਰਚੀ ਦੀ ਬਿਜਾਏ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣ ਲਈ ਕੁਝ ਨਾ ਕੁਝ ਕਰਨ ਲਈ ਤਤਪਰ ਰਹਿੰਦੇ ਹਨ।
ਉਹਨਾਂ ਕਿਹਾ ਕਿ ਅੱਜ ਕੁੱਖ ਅਤੇ ਰੁੱਖ ਬਚਾਉਣ ਦੀ ਸਾਡੇ ਸਮਾਜ ਨੂੰ ਸਭ ਤੋਂ ਵੱਡੀ ਲੋੜ ਹੈ। ਉਹਨਾਂ ਕਿਹਾ ਧਰਤੀ 'ਤੇ ਦਿਨ ਬ ਦਿਨ ਪ੍ਰਦੂਸ਼ਣ ਵਧ ਰਿਹਾ ਹੈ ਦਰੱਖਤਾਂ ਦੀ ਅੰਨੇਵਾਹ ਕਟਾਈ ਕੀਤੀ ਜਾ ਰਹੀ ਹੈ। ਉਹਨਾਂ ਮਨੁੱਖ ਜਾਤੀ ਲਈ ਬਣ ਰਹੇ ਇਸ ਵਿਨਾਸ਼ ਦੇ ਕਾਰਣ ਲਈ ਲੋਕਾਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੀਰ ਮੈਂਬਰ ਹਾਜ਼ਰ ਤੇ ਜਨਮ ਦਿਨ ਮਨਾਉਣ ਵਾਲੇ ਵਾਤਾਵਰਣ ਪ੍ਰੇਮੀਆ ਦੇ ਪ੍ਰੀਵਾਰਿਕ ਮੈਂਬਰ ਹਾਜਿਰ ਸਨ।